ਸਾਬਕਾ ਫ਼ੌਜੀ ਕਤਲ ਮਾਮਲੇ ’ਚ ਗੈਂਗਸਟਰ ਤੇ ਕਾਂਗਰਸੀ ਆਗੂ ਸਣੇ ਚਾਰ ਨਾਮਜ਼ਦ, ਗਮਗੀਨ ਮਾਹੌਲ ’ਚ ਹੋਇਆ ਅੰਤਿਮ ਸੰਸਕਾਰ

ਪੱਟੀ/ਕੈਰੋਂ, 5 ਮਈ- ਪਿੰਡ ਦੁੱਬਲੀ ਵਿਖੇ ਸ਼ਨਿਚਰਵਾਰ ਤੜਕਸਾਰ ਫੌਜ ਤੋਂ ਸੇਵਾਮੁਕਤ ਅਤੇ ਹੁਣ ਆੜ੍ਹਤ ਦਾ ਕਾਰੋਬਾਰ ਕਰਦੇ ਵਿਅਕਤੀ ਨੂੰ ਦੁਕਾਨ ’ਤੇ ਬੈਠਿਆਂ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਚਾਰ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ ਜਿਨ੍ਹਾਂ ’ਚ ਗੈਂਗਸਟਰ, ਕਾਂਗਰਸੀ ਆਗੂ ਅਤੇ ਦੋ ਹੋਰ ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਮੁਕੱਦਮੇ ’ਚ ਨਾਮਜ਼ਦ ਗੈਂਗਸਟਰ ਅਫਰੀਦੀ ਤੂਤਾਂ ਵਾਲਾ ਅਕਤੂਬਰ 2024 ’ਚ ਆਪ ਆਗੂ ਰਾਜ ਤਲਵੰਡੀ ਦੇ ਕਤਲ ਮਾਮਲੇ ਦਾ ਵੀ ਮੁੱਖ ਮੁਲਜ਼ਮ ਅਤੇ ਵਿਦੇਸ਼ੀ ਗੈਂਗਸਟਰ ਪ੍ਰਭ ਦਾਸੂਵਾਲ ਦੇ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪੁੱਤਰ ਲਵਜੀਤ ਸਿੰਘ ਦੇ ਬਿਆਨਾਂ ’ਤੇ ਦਰਜ ਕੀਤੇ ਗਏ ਉਕਤ ਕੇਸ ਵਿਚ ਉਕਤ ਗੈਂਗਸਟਰ ਤੋਂ ਇਲਾਵਾ ਗੁਰਦਿਆਲ ਸਿੰਘ ਨਾਮਕ ਕਾਂਗਰਸੀ ਆਗੂ ਵੀ ਸ਼ਾਮਲ ਹੈ ਜਿਸ ਦੀ ਪਤਨੀ ਪਿੰਡ ਦੁਬਲੀ ਦੀ ਸਾਬਕਾ ਸਰਪੰਚ ਹੈ ਅਤੇ ਉਹ ਕਾਂਗਰਸ ਪਾਰਟੀ ਦਾ ਸਰਗਰਮ ਆਗੂ ਵੀ ਦੱਸਿਆ ਜਾ ਰਿਹਾ। ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਸ਼ੱਕ ਕੀਤਾ ਹੈ ਕਿ ਇਹ ਕਤਲ ਦੋ ਭਰਾ ਰਣਜੀਤ ਸਿੰਘ ਅਤੇ ਨਿਸ਼ਾਨ ਸਿੰਘ ਵਾਸੀ ਭੋਜੋਕੇ, ਗੁਰਦਿਆਲ ਸਿੰਘ ਵਾਸੀ ਦੁਬਲੀ ਅਤੇ ਗੁਰਵਿੰਦਰ ਸਿੰਘ ਉਰਫ ਅਫਰੀਦੀ ਵਾਸੀ ਤੂਤ ਨੇ ਕੀਤਾ ਹੈ ਜਿਸ ਦੇ ਚੱਲਦਿਆਂ ਉਕਤ ਚਾਰਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਲਾਕੇ ’ਚ ਇਸ ਕਤਲ ਨੂੰ ਫਿਰੌਤੀ ਦੇ ਮਾਮਲੇ ਨਾਲ ਜੋੜਿਆ ਜਾ ਰਿਹਾ ਸੀ ਪਰ ਪੁਲਿਸ ਵੱਲੋਂ ਦਰਜ ਕੀਤੇ ਕੇਸ ਮੁਤਾਬਕ ਇਹ ਮਾਮਲਾ ਰੰਜਿਸ਼ ਦਾ ਮੰਨਿਆ ਜਾ ਸਕਦਾ ਹੈ। ਪੁਲਿਸ ਵੱਲੋਂ ਪੋਸਟਮਾਰਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਸੀ ਜਿਸ ਦਾ ਪਿੰਡ ਦੁਬਲੀ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੱਟੀ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੀ ਪੁੱਜੇ।



