Punjab

ਸਾਈਡ ਦੇਣ ਨੂੰ ਲੈ ਕੇ ਹੋਈ ਲੜਾਈ ’ਚ ਫ਼ੌਜੀ ਦੀ ਕਾਰ ਭੰਨ ਕੇ ਕੀਤੀ ਕੁੱਟਮਾਰ

ਦੋ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ

ਬਠਿੰਡਾ, 26 ਅਗਸਤ : ਪਿੰਡ ਬੁਰਜ ਮਹਿਮਾ ਵਿਖੇ ਸਾਈਡ ਦੇਣ ਨੂੰ ਲੈ ਕੇ ਹੋਈ ਲੜਾਈ ’ਚ ਮੋਟਰਸਾਈਕਲ ਸਵਾਰ ਚਾਰ ਵਿਅਕਤੀਆਂ ਨੇ ਫ਼ੌਜੀ ਦੀ ਕਾਰ ਭੰਨ ਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਫ਼ੌਜੀ ’ਤੇ ਹਮਲਾ ਕਰਨ ਵਾਲੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਦ ਕਿ ਹਾਲੇ ਦੋ ਮੋਟਰਸਾਈਕਲ ਸਵਾਰ ਫਰਾਰ ਹਨ। ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫ਼ੌਜੀ ਪੰਕਜ ਮਿਸ਼ਰਾ ਜੋ ਕਿ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਯੂਨਿਟ 34 ਵਿੰਗ ’ਚ ਤਇਨਾਤ ਹੈ। ਉਹ ਬੀਤੇ ਦਿਨੀਂ ਆਪਣੀ ਕਾਰ ’ਤੇ ਬੁਰਜ ਮਹਿਮਾ ਵੱਲ ਲਿੰਕ ਸੜਕ ’ਤੇ ਕਿਤੇ ਜਾ ਰਿਹਾ ਸੀ। ਉਸ ਦੇ ਪਿੱਛੇ ਦੋ ਮੋਟਰਸਾਈਕਲਾਂ ’ਤੇ ਬੈਠ ਕੇ ਚਾਰ ਵਿਅਕਤੀ ਆ ਰਹੇ ਸਨ। ਉਕਤ ਵਿਅਕਤੀਆਂ ਦੀ ਫ਼ੌਜੀ ਨਾਲ ਸਾਈਡ ਦੇਣ ਨੂੰ ਲੈ ਕੇ ਤਕਰਾਰ ਹੋ ਗਈ। ਉਕਤ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮੋਟਰਸਾਈਕਲ ਫ਼ੌਜੀ ਪੰਕਜ ਮਿਸ਼ਰਾ ਦੀ ਕਾਰ ਅੱਗੇ ਲਗਾ ਕੇ ਕਾਰ ਘੇਰ ਲਈ। ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕੁਹਾੜੀ ਨਾਲ ਜਿਥੇ ਫ਼ੌਜੀ ਦੀ ਕਾਰ ਭੰਨ ਦਿੱਤੀ, ਉੱਥੇ ਉਸ ਦੀ ਕੁੱਟਮਾਰ ਵੀ ਕਰ ਦਿੱਤੀ। ਘਟਨਾ ਨੂੰ ਅੰਜ਼ਾਮ ਦੇ ਕੇ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਫ਼ੌਜੀ ਪੰਕਜ ਮਿਸ਼ਰਾ ਦੇ ਬਿਆਨਾਂ ’ਤੇ ਤਲਵਿੰਦਰ ਸਿੰਘ ਵਾਸੀ ਬੁਰਜ ਮਹਿਮਾ, ਅਰਸ਼ਦੀਪ ਸਿੰਘ ਕਾਕਾ ਸਿੰਘ ਵਾਸੀਆਨ ਦਿਉਣ ਤੇ ਰਵੀ ਵਾਸੀ ਬੁਰਜ ਮਹਿਮਾ ਖਿਲਾਫ਼ ਮਾਮਲਾ ਦਰਜ ਕਰ ਕੇ ਤਲਵਿੰਦਰ ਸਿੰਘ ਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦ ਕਿ ਕਾਕਾ ਸਿੰਘ ਤੇ ਰਵੀ ਸਿੰਘ ਹਾਲੇ ਫਰਾਰ ਚੱਲ ਰਹੇ ਹਨ, ਜਿਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਰਾਮਾਂ ਪੁਲਿਸ ਨੇ ਪਿੰਡ ਮਲਕਾਣਾ ਵਿਖੇ ਤਿੰਨ ਨਕਾਬਪੋਸ਼ਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਤੋਂ ਮੋਬਾਇਲ ਤੇ 3800 ਰੁਪਏ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਲਬੀਰ ਸਿੰਘ ਵਾਸੀ ਮਲਕਾਣਾ ਨੇ ਦੱਸਿਆ ਕਿ ਉਹ ਭੱਠੇ ’ਤੇ ਕੰਮ ਕਰਦਾ ਹੈ। 22 ਅਗਸਤ ਨੂੰ ਉਹ ਆਪਣੇ ਪਿੰਡ ਮਲਕਾਣਾ ਆ ਰਿਹਾ ਸੀ, ਜਦ ਉਹ ਪਿੰਡ ਤੋਂ ਥੋੜ੍ਹਾ ਦੂਰ ਸੀ ਤਾਂ ਜੰਗੂ ਸਿੰਘ ਵਾਸੀ ਰਾਮਾਂ ਨੇ ਦੋ ਅਣਪਛਾਤੇ ਸਾਥੀਆਂ ਨਾਲ ਉਸ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੋਟਰਸਾਈਕਲ ਦੀਆਂ ਚੇਨਾਂ ਨਾਲ ਉਸ ਦੀ ਕੁੱਟਮਾਰ ਕੀਤੀ ਤੇ ਮੋਬਾਈਲ ਫੋਨ ਤੇ 3800 ਰੁਪਏ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਜੰਗੂ ਸਿੰਘ ਵਾਸੀ ਰਾਮਾਂ ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button