
ਮੋਗਾ , 31 ਮਈ : ਵਿਧਾਨ ਸਭਾ ਹਲਕਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਰਾਜੇਆਣਾ ਵਿਖੇ ਜ਼ਮੀਨ ਦੀ ਸਾਂਝੀ ਵੱਟ ਦੇ ਝਗੜੇ ਨੂੰ ਲੈਕੇ ਸਕੇ ਭਤੀਜੇ ਨੇ ਆਪਣੇ ਚਾਚੇ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਟਰੈਕਟਰ ਦੇ ਪਿੱਛੇ ਪਾਏ ਹਲਾਂ ਨਾਲ ਕੁਚਲ ਦਿੱਤਾ। ਇਸ ਘਟਨਾ ’ਚ ਕਿਸਾਨ ਦੇ ਢਿੱਡ ’ਚ ਹੱਲ ਖੁਬਣ ਨਾਲ ਉਸ ਦਾ ਢਿੱਡ ਪਾੜ ਗਿਆ ਤੇ ਉਸ ਨੂੰ ਗੰਭੀਰ ਹਾਲਤ ’ਚ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ, ਜਿੱਥੇ ਕਿਸਾਨ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਨੇ ਕਿਸਾਨ ਦੇ ਬੇਟੇ ਦੇ ਬਿਆਨ ਤੇ ਇਕ ਅਰੋਪੀ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਬਾਘਾਪੁਰਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਰਾਜੇਆਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਉਦਿਆਂ ਕਿਹਾ ਕਿ ਉਸ ਦੇ ਤਾਏ ਸੁਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਖੇਤ ਦੀ ਵੱਟ ਨੂੰ ਲੈਕੇ ਤਾਏ ਦੇ ਲੜਕੇ ਹਰਪਾਲ ਸਿੰਘ ਨਾਲ ਝਗੜਾ ਚੱਲ ਰਿਹਾ ਸੀ। ਜ਼ਖ਼ਮੀ ਕਿਸਾਨ ਦੇ ਲੜਕੇ ਨੇ ਦੋਸ਼ ਲਗਾਇਆ ਕਿ ਘਟਨਾ ਸਮੇਤ ਹਰਪਾਲ ਸਿੰਘ ਦੇ ਨਾਲ ਕੁਝ ਹੋਰ ਵੀ ਵਿਅਕਤੀ ਸਨ। ਪੁਲਿਸ ਨੇ ਸੁਖਪ੍ਰੀਤ ਸਿੰਘ ਦੇ ਬਿਆਨ ਲੈਕੇ ਅਰੋਪੀ ਹਰਪਾਲ ਸਿੰਘ ਵਾਸੀ ਪਿੰਡ ਰਾਜੇਆਣਾ ਦੇ ਖਿਲਾਫ਼ ਇਰਾਦਾ ਹੱਤਿਆ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।



