
ਰਾਜਪੁਰਾ, 21 ਮਾਰਚ-ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ’ਤੇ 13 ਮਹੀਨੇ ਬਾਅਦ ਸ਼ੁੱਕਰਵਾਰ ਦੀ ਸਵੇਰ ਤੋਂ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ। ਜਿਸ ਨਾਲ ਹੁਣ ਹਰਿਆਣਾ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਅਤੇ ਪੰਜਾਬ ਤੋਂ ਹਰਿਆਣਾ ਜਾਣ ਵਾਲੇ ਵਾਹਨ ਚਾਲਕਾਂ ਨੂੰ ਆਪਣਾ ਟੋਲ ਕਟਵਾਉਣਾ ਪਵੇਗਾ। ਟੋਲ ਪਲਾਜ਼ਾ ਸ਼ੁਰੂ ਹੋਣ ਦੇ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। 20 ਮਾਰਚ ਨੂੰ ਸ਼ਾਮ ਸਮੇਂ ਪੰਜਾਬ ਤੋਂ ਹਰਿਆਣਾ ਅਤੇ ਹਰਿਆਣਾ ਤੋਂ ਪੰਜਾਬ ਜਾਣ ਦੇ ਲਈ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਸੀ। ਉਸ ਤੋਂ ਬਾਅਦ ਨੈਸ਼ਨਲ ਹਾਈਵੇ ਉੱਤੇ ਸਾਰੀ ਰਾਤ ਵਾਹਨਾਂ ਦੇ ਲੰਘਣ ਦਾ ਟਰਾਇਲ ਚੱਲਦਾ ਰਿਹਾ। ਜਿਸ ਦੇ ਚਲਦਿਆਂ ਅੱਜ ਸ਼ੁੱਕਰਵਾਰ ਦੀ ਸਵੇਰ 8 ਵਜੇ ਟੋਲ ਪਲਾਜ਼ਾ ਵੱਲੋਂ ਆਉਣ ਤੇ ਜਾਣ ਵਾਲੇ ਵਾਹਨਾਂ ਦਾ ਟੋਲ ਕੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੇ ਵਾਹਨ ਚਾਲਕ ਮਹਿੰਦਰ ਕੁਮਾਰ, ਜਗਰੂਪ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੋਲ ਬੈਰੀਅਰ ਪਾਰ ਕਰਨ ਸਮੇਂ ਮਿੱਥੇ ਗਏ ਪੈਸੇ ਦੇਣੇ ਨਹੀਂ ਦੁਖਦੇ ਸਗੋਂ ਜਦੋਂ ਪਹਿਲਾਂ ਪਿੰਡਾਂ ਵਾਲੇ ਰਸਤਿਆਂ ਨੂੰ ਜਾਣਾ ਪੈਂਦਾ ਸੀ ਤਾਂ ਟੁੱਟੀਆਂ ਹੋਈਆਂ ਸੜਕਾਂ ਦੇ ਕਾਰਨ ਵਾਹਨਾਂ ਦਾ ਨੁਕਸਾਨ ਵੀ ਹੁੰਦਾ ਸੀ ਅਤੇ ਸਮਾਂ ਵੀ ਜ਼ਿਆਦਾ ਖਰਾਬ ਹੁੰਦਾ ਸੀ ਪਰ ਹੁਣ ਕਿਸਾਨਾਂ ਦੇ ਧਰਨੇ ਦੇ ਸਮਾਪਤ ਹੋਣ ਤੋਂ ਬਾਅਦ ਟੋਲ ਬੈਰੀਅਰ ਸ਼ੁਰੂ ਹੋਣ ਦੇ ਨਾਲ ਵਾਹਣ ਚਾਲਕਾਂ ਨੂੰ ਕਾਫੀ ਰਾਤ ਮਿਲੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੰਭੂ ਟੋਲ ਬੈਰੀਅਰ ਜਿਸ ਨੂੰ ਰਣਛੋੜ ਇਨਫਰਾ ਡਿਵੈਲਪਰ ਦਿੱਲੀ ਨਾਮਕ ਕੰਪਨੀ ਚਲਾ ਰਹੀ ਹੈ ਦੇ ਮੈਨੇਜਰ ਮਹਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਤੋਂ ਉਨ੍ਹਾਂ ਦੀ ਕੰਪਨੀ ਵੱਲੋਂ ਆਪਣੇ ਮੁਲਾਜ਼ਮਾਂ ਦੇ ਨਾਲ ਵਾਹਨਾਂ ਦਾ ਟੋਲ ਕੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਹਰਿਆਣਾ ਤੇ ਹਰਿਆਣਾ ਤੋਂ ਪੰਜਾਬ ਜਾਣ ਵਾਲੇ ਵਾਹਨਾਂ ਦੇ ਲਈ ਕੁੱਲ 14 ਲੇਨ ਚਾਲੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਤਿੰਨ ਲਾਈਨ ਜਿਹੜੀਆਂ ਕੁਝ ਕਾਰਨਾਂ ਕਰ ਕੇ ਨਹੀਂ ਚਾਲੂ ਕੀਤੀਆਂ ਗਈਆਂ ਨੂੰ ਵੀ ਜਲਦ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਜਾਂ ਹੋਰ ਸ਼ਹਿਰਾਂ ਨੂੰ ਜਾਣ ਦੇ ਲਈ ਸ਼ੋਰਟ ਕਟ ਰਸਤਿਆਂ ਦੀ ਥਾਂ ਨੈਸ਼ਨਲ ਹਾਈਵੇ ਦਿੱਲੀ ਤੋਂ ਅੰਮ੍ਰਿਤਸਰ ਸ਼ੰਬੂ ਟੋਲ ਬੈਰੀਅਰ ਦਾ ਇਸਤੇਮਾਲ ਕਰਨ। ਉਨ੍ਹਾਂ ਦੱਸਿਆ ਕਿ ਵਾਹਨਾਂ ‘ਤੇ ਲਗਾਇਆ ਜਾਣ ਵਾਲਾ ਟੋਲ ਦਾ ਰੇਟ ਐੱਨਐੱਚਏਆਈਡੀ ਵੈੱਬਸਾਈਟ ‘ਤੇ ਪਾਇਆ ਹੋਇਆ ਹੈ ਤੇ ਵਾਹਨਾਂ ਦੇ ਆਉਣ ਜਾਣ ਦਾ ਰੇਟ ਜਿੰਨਾ ਪਹਿਲਾਂ ਤੈਅ ਕੀਤਾ ਗਿਆ ਸੀ ਉਨਾ ਹੀ ਹੈ ਅਤੇ ਕਿਸੇ ਵੀ ਰੇਟ ‘ਚ ਵਾਧਾ ਨਹੀਂ ਕੀਤਾ ਗਿਆ।



