
ਐੱਸਏਐੱਸ ਨਗਰ, 12 ਜੁਲਾਈ : ਪਿੰਡ ਭਾਗੋਮਾਜਰਾ ਵਿੱਚ ਇਕ ਸ਼ਰਾਬੀ ਔਰਤ ਨੇ ਗੁਆਂਢਣ ਨਾਲ ਹੋਈ ਲੜਾਈ ਵਿੱਚ ਉਸ ਦੇ ਗੱਲ ‘ਤੇ ਵੱਢ ਲਿਆ। ਇਸ ਹਮਲੇ ਵਿੱਚ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਦੇ ਮੂੰਹ ‘ਤੇ ਸੱਤ ਟਾਂਕੇ ਲੱਗੇ ਹਨ। ਹਸਪਤਾਲ ਵਿੱਚ ਜ਼ਖ਼ਮੀ ਮਹਿਲਾ ਦੇ ਕਹਿਣ ‘ਤੇ ਡਾਕਟਰਾਂ ਨੇ ਸਬੰਧਤ ਥਾਣਾ ਪੁਲਿਸ ਨੂੰ ਪੂਰੀ ਘਟਨਾ ਦੀ ਸੂਚਨਾ ਦੇ ਦਿੱਤੀ ਹੈ। ਜ਼ਖ਼ਮੀ ਮਮਤਾ ਦੇਵੀ ਵਾਸੀ ਪਿੰਡ ਭਾਗੋਮਾਜਰਾ ਨੇ ਦੱਸਿਆ ਕਿ ਉਹ ਝੁੱਗੀ ਵਿੱਚ ਆਪਣੇ ਪਤੀ ਜਯੋਤਿਸ਼ ਭਗਤ, ਜੋ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਦੋ ਬੱਚਿਆਂ ਨਾਲ ਰਹਿੰਦੀ ਹੈ। ਵੀਰਵਾਰ ਸ਼ਾਮ ਕਰੀਬ ਛੇ ਵਜੇ ਜਦੋਂ ਉਸ ਦਾ ਪਤੀ ਡਿਊਟੀ ‘ਤੇ ਜਾਣ ਵਾਲਾ ਸੀ, ਉਦੋਂ ਉਨ੍ਹਾਂ ਦੋਵਾਂ ਵਿੱਚ ਕਿਸੇ ਸਾਮਾਨ ਲੈਣ ਨੂੰ ਲੈ ਕੇ ਲੜਾਈ ਹੋ ਰਹੀ ਸੀ ਅਤੇ ਦੋਵੇਂ ਇਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਪਰ ਉਸ ਦੀ ਗੁਆਂਢਣ ਨੂੰ ਇਹ ਲੱਗਾ ਕਿ ਮਮਤਾ ਜੋ ਗਾਲ੍ਹਾਂ ਕੱਢ ਰਹੀ ਹੈ, ਉਹ ਉਸ ਨੂੰ ਦੇ ਰਹੀ ਹੈ। ਇਸ ‘ਤੇ ਉਹ ਆ ਕੇ ਉਸ ਨਾਲ ਗਾਲ਼ੀ-ਗਲੋਚ ਕਰਨ ਲੱਗੀ ਅਤੇ ਉਸ ‘ਤੇ ਹਮਲਾ ਕਰ ਦਿੱਤਾ ਪਰ ਤਦ ਉਸ ਦੇ ਪਤੀ ਅਤੇ ਹੋਰ ਗੁਆਂਢੀਆਂ ਨੇ ਮਾਮਲਾ ਸੰਭਾਲ ਲਿਆ। ਇਸ ਤੋਂ ਬਾਅਦ ਮਮਤਾ ਨੇ ਗੁਆਂਢਣ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਿੱਤੀ, ਜਿਸ ‘ਤੇ ਪੁਲਿਸ ਨੇ ਅਗਲੀ ਸਵੇਰ 10 ਵਜੇ ਥਾਣੇ ਆਉਣ ਲਈ ਕਿਹਾ। ਜਦੋਂ ਇਸ ਗੱਲ ਦਾ ਗੁਆਂਢਣ ਨੂੰ ਪਤਾ ਲੱਗਾ ਕਿ ਮਮਤਾ ਉਸ ਦੇ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦੇਣ ਲਈ ਗਈ ਸੀ, ਤਦ ਰਾਤ ਕਰੀਬ ਢਾਈ ਵਜੇ ਸ਼ਰਾਬ ਦੇ ਨਸ਼ੇ ਵਿੱਚ ਉਹ ਮਮਤਾ ਦੇ ਘਰ ਵਿੱਚ ਵੜ ਗਈ ਅਤੇ ਕੁੱਟਮਾਰ ਕਰਨ ਲੱਗੀ। ਜਦੋਂ ਮਮਤਾ ਨੇ ਬਚਾਅ ਲਈ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੇ ਗੱਲ ‘ਤੇ ਦੰਦ ਨਾਲ ਵੱਢ ਲਿਆ, ਜਿਸ ਨਾਲ ਉਸ ਦਾ ਕਾਫ਼ੀ ਮਾਸ ਨਿਕਲ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਰੌਲਾ ਸੁਣ ਕੇ ਹੋਰ ਗੁਆਂਢੀ ਮੌਕੇ ‘ਤੇ ਆਏ ਅਤੇ ਮਮਤਾ ਨੂੰ ਬਚਾ ਕੇ ਸਿੱਧਾ ਸਿਵਲ ਹਸਪਤਾਲ ਲਿਜਾ ਕੇ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਮਮਤਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸ ਦੀ ਗੁਆਂਢਣ ਨੇ ਲੜਾਈ ਦੇ ਚਲਦੇ ਉਸ ਦਾ ਮੰਗਲ ਸੂਤਰ, ਕੰਨਾਂ ਦੀਆਂ ਵਾਲੀਆਂ ਅਤੇ ਨੱਕ ਦਾ ਟੋਪਸ ਜੋ ਸੋਨੇ ਦਾ ਸੀ, ਉਹ ਵੀ ਕੱਢ ਲਿਆ।



