ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 18 ਤੋਂ ਘਟਾ ਕੇ ਕੀਤੀ ਜਾਏ 16 ਸਾਲ
ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਨੂੰ ਕੀਤੀ ਅਪੀਲ

ਨਵੀਂ ਦਿੱਲੀ, 24 ਜੁਲਾਈ : ਸੀਨੀਅਰ ਵਕੀਲ ਤੇ ਨਿਆਮਿੱਤਰ ਇੰਦਰਾ ਜੈਸਿੰਘ ਨੇ ਸੁਪਰੀਮ ਕੋਰਟ ਨੂੰ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਲਈ ਵਿਧਾਨਕ ਉਮਰ 18 ਤੋਂ ਘਟਾ ਕੇ 16 ਸਾਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਨਾਬਾਲਿਗਾਂ ’ਚ ਆਪਸੀ ਸਹਿਮਤੀ ਨਾਲ ਬਣੇ ਸਬੰਧਾਂ ਨੂੰ ਅਪਰਾਧ ਨਾ ਮੰਨਿਆ ਜਾਵੇ। ਉਨ੍ਹਾਂ ਦਲੀਲ ਦਿੱਤੀ ਕਿ ਮੌਜੂਦਾ ਕਾਨੂੰਨ ਨਾਬਾਲਿਗਾਂ ’ਚ ਸਹਿਮਤੀ ਨਾਲ ਬਣਾਏ ਗਏ ਸਬੰਧਾਂ ਨੂੰ ਅਪਰਾਧ ਮੰਨਦਾ ਹੈ ਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ‘ਨਿਪੁਣ ਸਕਸੇਨਾ ਬਨਾਮ ਭਾਰਤ ਸੰਘ’ ਮਾਮਲੇ ’ਚ ਸੁਪਰੀਮ ਕੋਰਟ ਦੀ ਮਦਦ ਕਰ ਰਹੀ ਜੈਸਿੰਘ ਨੇ ਪਾਕਸੋ ਐਕਟ ਤੇ ਆਈਪੀਸੀ ਦੀ ਧਾਰਾ 375 ਤਹਿਤ 16 ਤੋਂ 18 ਸਾਲ ਦੀ ਉਮਰ ਦੇ ਨਾਬਾਲਿਗਾਂ ਨਾਲ ਜੁੜੀਆਂ ਜਿਨਸੀ ਸਰਗਰਮੀਆਂ ਨੂੰ ਪੂਰੀ ਤਰ੍ਹਾਂ ਅਪਰਾਧ ਮੰਨਣ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਲਿਖਤੀ ਦਲੀਲਾਂ ਦਿੱਤੀਆਂ ਹਨ। ਜੈਸਿੰਘ ਨੇ ਕਿਹਾ ਕਿ ਕਾਨੂੰਨੀ ਢਾਂਚਾ ਬਾਲਗਾਂ ’ਚ ਸਹਿਮਤੀ ਨਾਲ ਬਣੇ ਸਬੰਧਾਂ ਨੂੰ ਦੁਰਵਿਹਾਰ ਦੇ ਬਰਾਬਰ ਮੰਨਦਾ ਹੈ ਤੇ ਉਨ੍ਹਾਂ ਦੀ ਖੁਦਮੁਖਤਾਰੀ, ਪਰਿਪਕਤਾ ਤੇ ਸਹਿਮਤੀ ਦੇਣ ਦੀ ਸਮਰੱਥਾ ਨੂੰ ਨਜ਼ਰਅੰਦਾਜ਼ ਕਰਦਾ ਹੈ। ਸਹਿਮਤੀ ਦੀ ਉਮਰ 16 ਸਾਲ ਤੋਂ ਵਧਾ ਕੇ 18 ਸਾਲ ਕਰਨ ਨੂੰ ਸਹੀ ਠਹਿਰਾਉਣ ਲਈ ਕੋਈ ਤਰਕਸੰਗਤ ਕਾਰਨ ਮੌਜੂਦ ਨਹੀਂ ਹੈ।



