Punjab

ਸਸਤੀ ਬਿਜਲੀ ਦੀ ਉਮੀਦ ਰੱਖਣ ਵਾਲੇ ਉਦਯੋਗਾਂ ਨੂੰ FM ਚੀਮਾ ਨੇ ਲਾਈ ਬਿਜਲੀ ਸਬਸਿਡੀ ਦੀ ‘ਮੱਲ੍ਹਮ’

ਚੰਡੀਗੜ੍ਹ, 26 ਮਾਰਚ-ਲੰਬੇ ਸਮੇਂ ਤੋਂ ਸਸਤੀ ਬਿਜਲੀ ਦੀ ਉਮੀਦ ਰੱਖਣ ਵਾਲੇ ਉਦਯੋਗਾਂ ਨੂੰ ਵਿੱਤ ਮੰਤਰੀ ਹਰਪਾਲ ਚੀਮਾ (FM Harpal Cheema) ਨੇ ‘ਬਿਜਲੀ ਸਬਸਿਡੀ ਦੀ ਮੱਲ੍ਹਮ’ ਲਗਾ ਕੇ ਰਾਹਤ ਦੇਣ ਦਾ ਯਤਨ ਕੀਤਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ‘ਚ ਉਦਯੋਗਾਂ ਲਈ ਅਲਾਟ ਕੀਤੇ 3,426 ਕਰੋੜ ਵਿਚ ਬਿਜਲੀ ਸਬਸਿਡੀ (Power Subsidy) ਨੂੰ ਵੀ ਸ਼ਾਮਲ ਕੀਤਾ ਹੈ। ਹਾਲਾਂਕਿ ਇਹ ਸਬਸਿਡੀ ਕਿੰਨੀ ਹੋਵੇਗੀ, ਇਸ ਬਾਰੇ ਫੈਸਲਾ ਬਾਅਦ ‘ਚ ਕੀਤਾ ਜਾਵੇਗਾ। ਯਾਦ ਰਹੇ ਕਿ ਉਦਯੋਗਪਤੀਆਂ ਨੇ ਲੰਬੇ ਸਮੇਂ ਤੋਂ ਪੰਜ ਰੁਪਏ ਪ੍ਰਤੀ ਯੂਨਿਟ ਦੀ ਮੰਗ ਕੀਤੀ ਹੈ।ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨੀ ਸੂਬਾ ਮੰਨੇ ਜਾਣ ਵਾਲੇ ਪੰਜਾਬ ‘ਚ ਉਦਯੋਗਾਂ ਦਾ ਦਾਇਰਾ ਵਧਿਆ ਹੈ ਤੇ ਅਰਥਵਿਵਸਥਾ ‘ਚ ਉਨ੍ਹਾਂ ਦਾ ਹਿੱਸਾ ਕਿਸਾਨੀ ਦੇ ਬਰਾਬਰ 27 ਪ੍ਰਤੀਸ਼ਤ ਹੈ। ਸੂਬੇ ਦੀਆਂ ਪਿਛਲੀ ਸਰਕਾਰਾਂ ਨੇ ਉਦਯੋਗਾਂ ਨੂੰ ਸਿਰਫ਼ ਜਬਰਨ ਵਸੂਲੀ ਦੇ ਸੂਤਰ ਵਜੋਂ ਦੇਖਿਆ ਹੈ। ਹਕੀਕਤ ਇਹ ਹੈ ਕਿ ਪੰਜਾਬ ਦੇ ਉਦਯੋਗਾਂ ਨੂੰ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਖਿਲਾਫ਼ ਜੀਵਤ ਰੱਖਣਾ ਹੈ ਤਾਂ ਉਨ੍ਹਾਂ ਲਈ ਨਵੇਂ ਊਰਜਾ ਸਰੋਤਾਂ ਦੀ ਲੋੜ ਹੈ।
ਪੰਜਾਬ ਦੀ ਨਵੀਂ ਸਨਅਤ ਨੀਤੀ

ਵਿੱਤ ਮੰਤਰੀ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਜਲਦੀ ਨਵੀਂ ਉਦਯੋਗਿਕ ਨੀਤੀ ਤਿਆਰ ਕਰੇਗੀ, ਜੋ ਭਾਰਤ ‘ਚ ਸਭ ਤੋਂ ਵਧੀਆ ਹੋਵੇਗੀ। ਇਸ ਨਾਲ ਪ੍ਰਦੇਸ਼ ‘ਚ ਉਦਯੋਗਿਕ ਵਿਕਾਸ ਤੇ ਰੁਜ਼ਗਾਰ ਸਿਰਜਣ ਲਈ ਪ੍ਰਗਤੀਸ਼ੀਲ ਮਾਹੌਲ ਪ੍ਰਦਾਨ ਕਰਨ ਦਾ ਰਸਤਾ ਖੁੱਲ੍ਹੇਗਾ। ਯਾਦ ਰਹੇ ਕਿ ਪਿਛਲੇ ਦਿਨਾਂ ‘ਚ ਮੁੱਖ ਮੰਤਰੀ ਨੇ ਉਦਯੋਗੀਆਂ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਨਵੀਂ ਉਦਯੋਗਿਕ ਨੀਤੀ ਉਹ ਖ਼ੁਦ ਤਿਆਰ ਕਰਨਗੇ ਤੇ ਸਰਕਾਰ ਇਸਨੂੰ ਲਾਗੂ ਕਰੇਗੀ, ਤਾਂ ਜੋ ਉਦਯੋਗਾਂ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।

ਅੰਮ੍ਰਿਤਸਰ ‘ਚ ਯੂਨਿਟੀ ਮਾਲ

ਪੰਜਾਬ ਦੀ ਉਦਯੋਗਿਕ ਤੇ ਸੱਭਿਆਚਾਰਕ ਵਿਭਿੰਨਤਾ ਨੂੰ ਇਕ ਮੰਚ ਪ੍ਰਦਾਨ ਕਰਨ ਲਈ ਸਰਕਾਰ ਨੇ ਅੰਮ੍ਰਿਤਸਰ ‘ਚ ਯੂਨਿਟੀ ਮਾਲ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਵਿਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਪੰਜਾਬ ਦੇ 23 ਜ਼ਿਲ੍ਹਿਆਂ ਦੇ ਕਾਰੀਗਰ ਆਪਣੇ ਉਤਪਾਦਾਂ ਦੇ ਸਟਾਲ ਲਗਾ ਸਕਣਗੇ। ਇਸ ਲਈ ਬਜਟ ਵਿਚ 80 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

ਮਹੱਤਵਪੂਰਨ ਫੈਸਲੇ

ਦੇਸ਼ ਦੀ ਸਭ ਤੋਂ ਵਧੀਆ ਉਦਯੋਗ ਨੀਤੀ ਬਣਾਉਣ ਦੀ ਤਿਆਰੀ ‘ਚ ਸਰਕਾਰ

ਉਦਯੋਗਾਂ ਨੂੰ ਬਿਜਲੀ ਸਬਸਿਡੀ ਦੇਣ ਦਾ ਪ੍ਰਾਵਧਾਨ

ਉਤਪਾਦਕਾਂ ਨੂੰ ਮੰਚ ਪ੍ਰਦਾਨ ਕਰਨ ਲਈ ਅੰਮ੍ਰਿਤਸਰ ‘ਚ ਯੂਨਿਟੀ ਮਾਲ ਦਾ ਨਿਰਮਾਣ

ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਦੇ ਅੱਪਗ੍ਰੇਡੇਸ਼ਨ ਲਈ ਰਾਸ਼ੀ ਜਾਰੀ

Related Articles

Leave a Reply

Your email address will not be published. Required fields are marked *

Back to top button