Punjab

ਸਰਹੱਦੀ ਪਿੰਡ ਮੁਹਾਵਾ ਦਾ ਹਰਮਨਦੀਪ ਸਿੰਘ ਇਟਲੀ ’ਚ ਲਾਪਤਾ, 22 ਜੁਲਾਈ ਨੂੰ ਆਖਰੀ ਵਾਰ ਹੋਈ ਗੱਲਬਾਤ

ਅਟਾਰੀ, 26 ਜੁਲਾਈ : ਅੰਮ੍ਰਿਤਸਰ ਜ਼ਿਲ੍ਹੇ ਦਾ ਸਰਹੱਦੀ ਪਿੰਡ ਮੁਹਾਵਾ ਦਾ ਨੌਜਵਾਨ ਹਰਮਨਦੀਪ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਇਟਲੀ ਗਿਆ ਸੀ, ਪਰ ਪਿਛਲੇ ਦਿਨੀਂ ਉਸ ਦੇ ਲਾਪਤਾ ਹੋਣ ਦੀ ਖ਼ਬਰ ਮਿਲਣ ’ਤੇ ਉਸ ਦੇ ਪਰਿਵਾਰ ਤੇ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਾਰੇ ਮਾਮਲੇ ਸਬੰਧੀ ਪਿੰਡ ਮੁਹਾਵਾ ਵਾਸੀ ਕਿਸਾਨ ਆਗੂ ਕਾਬਲ ਸਿੰਘ ਮੁਹਾਵਾ ਤੇ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਛੇ ਸਾਲਾਂ ਤੋਂ ਉਨ੍ਹਾਂ ਦਾ ਪੁੱਤਰ ਹਰਮਨਦੀਪ ਸਿੰਘ ਆਪਣੇ ਚੰਗੇ ਭਵਿੱਖ ਦੀ ਤਲਾਸ਼ ਲਈ ਇਟਲੀ ਗਿਆ ਸੀ ਤੇ ਇਕ ਡੇਅਰੀ ਫਾਰਮ ’ਤੇ ਕੰਮ ਕਰ ਰਿਹਾ ਸੀ। 22 ਜੁਲਾਈ ਨੂੰ ਉਨ੍ਹਾਂ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਸਾਨੂੰ ਬਲਜਿੰਦਰ ਸਿੰਘ ਦਾ ਫੋਨ ਆਉਂਦਾ ਹੈ, ਜੋ ਉਸ ਨਾਲ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਹਰਮਨ ਘਰ ਵਾਪਸ ਨਹੀਂ ਆਇਆ ਤੇ ਉਸ ਨੇ ਇਹ ਕਿਹਾ ਕਿ ਸਾਈਕਲ ਲੈ ਕੇ ਘਰੋਂ ਗਿਆ ਹੈ। ਉਹ ਅਨੁਸਾਰ ਉਹ ਇਹ ਕਹਿ ਕੇ ਗਿਆ ਹੈ ਕਿ ਉਹ ਆਪਣੇ ਚਾਚੇ ਦੇ ਘਰ ਚੱਲਿਆ ਹੈ, ਜੋ ਨਜ਼ਦੀਕ ਹੀ ਰਹਿੰਦਾ ਹੈ। ਕਾਬਲ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਚਾਚੇ ਦੇ ਪਰਿਵਾਰ ਨਾਲ ਤੁਰੰਤ ਰਾਬਤਾ ਕਾਇਮ ਕਰ ਕੇ ਹਰਮਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਸਾਡੇ ਕੋਲ ਨਹੀਂ ਆਇਆ। ਇਸ ਤੋਂ ਬਾਅਦ ਉਸ ਦੇ ਸਾਥੀ ਬਲਜਿੰਦਰ ਸਿੰਘ ਤੇ ਉਸ ਦੇ ਚਾਚੇ ਦੇ ਪੁੱਤਰ ਕੇਵਲ ਸਿੰਘ ਅਤੇ ਉਸ ਦੇ ਮਾਲਕ ਵੱਲੋਂ ਇਸ ਸਾਰੀ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ, ਜਿਸ ’ਤੇ ਉਨ੍ਹਾਂ ਮਾਮਲਾ ਦਰਜ ਕਰ ਕੇ ਹਰਮਨਦੀਪ ਸਿੰਘ ਦੀ ਭਾਲ ਸ਼ੂਰੂ ਕਰ ਦਿੱਤੀ ਹੈ। ਉਨ੍ਹਾਂ ਭਾਰਤ ਸਰਕਾਰ, ਪ੍ਰਸ਼ਾਸਨ ਤੇ ਦਿੱਲੀ ਸਥਿਤ ਇਟਲੀ ਦੀ ਅੰਬੈਸੀ ਨੂੰ ਅਪੀਲ ਕਰਦਿਆਂ ਗੁਹਾਰ ਲਗਾਈ ਕਿ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਉਨ੍ਹਾਂ ਦਾ ਲਾਪਤਾ ਪੁੱਤਰ ਮਿਲ ਸਕੇ।

Related Articles

Leave a Reply

Your email address will not be published. Required fields are marked *

Back to top button