ਸਰਹੱਦੀ ਪਿੰਡ ਮਹਿਦੀਪੁਰ ’ਚੋਂ ਮਿਲੀ ਤਿੰਨ ਕਿੱਲੋ ਹੈਰੋਇਨ ਦੀ ਖੇਪ
ਅਣਪਛਾਤੇ ਖਿਲਾਫ਼ ਐੱਨਡੀਪੀਐੱਸ ਤੇ ਏਅਰ ਕਰਾਫਟ ਐਕਟ ਤਹਿਤ ਕੇਸ ਦਰਜ

ਖੇਮਕਰਨ, 14 ਅਗਸਤ : ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਮਹਿਦੀਪੁਰ ਦੇ ਇਲਾਕੇ ਵਿੱਚੋਂ ਥਾਣਾ ਖੇਮਕਰਨ ਦੀ ਪੁਲਿਸ ਨੇ ਤਿੰਨ ਕਿੱਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਡ੍ਰੋਨ ਦੀ ਮਦਦ ਨਾਲ ਸਰਹੱਦ ਪਾਰੋਂ ਇੱਧਰ ਸੁੱਟੀ ਗਈ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਖੇਮਕਰਨ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਿਦੀਪੁਰ ਪਿੰਡ ਦੇ ਸ਼ਮਸ਼ਾਨਘਾਟ ਕੋਲ ਝਾੜੀਆਂ ਵਿਚ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਪੈਕੇਟ ਡਿੱਗਾ ਪਿਆ ਹੈ। ਉਹ ਪੁਲਿਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਝਾੜੀਆਂ ਵਿੱਚੋਂ ਉਕਤ ਪੈਕੇਟ ਬਰਾਮਦ ਕੀਤਾ, ਜਿਸ ਨੂੰ ਲੋਹੇ ਦੀ ਕੁੰਡੀ ਲੱਗੀ ਹੋਈ ਸੀ। ਉਕਤ ਪੈਕੇਟ ਨੂੰ ਖੋਲਿਆ ਤਾਂ ਉਸ ਵਿੱਚੋਂ 6 ਹੋਰ ਪੈਕੇਟ ਮਿਲੇ, ਜਿਨ੍ਹਾਂ ਦੀ ਜਾਂਚ ਕਰਨ ’ਤੇ ਉਨ੍ਹਾਂ ਵਿੱਚੋਂ 3 ਕਿੱਲੋ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਹੈਰੋਇਨ ਮੰਗਵਾਉਣ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਲਦ ਉਸਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।



