
ਬਾਲ ਕਿਸ਼ਨ
ਫਿਰੋਜ਼ਪੁਰ, 8 ਅਗਸਤ : ਨੇੜਲੇ ਪਿੰਡ ਭਾਨੇ ਵਾਲਾ ਵਿਖੇ ਕੀਤੇ ਗਏ ਇਕ ਸਰਚ ਆਪ੍ਰੇਸ਼ਨ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ 590 ਗ੍ਰਾਮ ਹੈਰੋਇਨ ਦਾ ਇਕ ਪੈਕਟ ਬਰਾਮਦ ਕੀਤਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਬੀਐੱਸਐੱਫ ਦੀ ਟੀਮ ਨੂੰ ਪਿੰਡ ਭਾਨੇ ਵਾਲਾ ਦੇ ਖੇਤਰ ’ਚ ਇਕ ਡਰੋਨ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ। ਇਹ ਸੂਚਨਾ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਥਾਣਾ ਸਦਰ ਫ਼ਿਰੋਜ਼ਪੁਰ ਨੂੰ ਫ਼ੋਨ ਰਾਹੀਂ ਦਿੱਤੀ ਗਈ ਸੀ। ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਦੀ ਅਗਵਾਈ ’ਚ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਬੀਐੱਸਐੱਫ ਦੀ ਟੀਮ ਨਾਲ ਮਿਲ ਕੇ ਖੇਤਰ ਦੀ ਬਾਰੀਕੀ ਨਾਲ ਤਲਾਸ਼ੀ ਸ਼ੁਰੂ ਕੀਤੀ। ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਜਵਾਨਾਂ ਦੀਆਂ ਨਜ਼ਰਾਂ ਇਕ ਖਾਸ ਥਾਂ ’ਤੇ ਪਈਆਂ, ਜਿੱਥੋਂ ਉਨ੍ਹਾਂ ਪੈਕਟ ਬਰਾਮਦ ਕੀਤਾ। ਜਦੋਂ ਇਸ ਪੈਕੇਟ ਦੀ ਜਾਂਚ ਕੀਤੀ ਗਈ ਤਾਂ ਇਸ ’ਚੋਂ ਕਰੀਬ 590 ਗ੍ਰਾਮ ਹੈਰੋਇਨ ਮਿਲੀ। ਮੰਨਿਆ ਜਾ ਰਿਹਾ ਹੈ ਕਿ ਇਹ ਨਸ਼ੇ ਦੀ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ ਸੀ। ਇਸ ਮਾਮਲੇ ’ਚ ਕੰਪਨੀ ਕਮਾਂਡਰ ਵੱਲੋਂ ਇਕ ਲਿਖਤੀ ਸ਼ਿਕਾਇਤ ਥਾਣਾ ਸਦਰ ਫ਼ਿਰੋਜ਼ਪੁਰ ਨੂੰ ਦਿੱਤੀ ਗਈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।



