ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ‘ਚ ਜ਼ਮੀਨ ਹੇਠਲਾ ਪਾਣੀ ਹੋਇਆ ਪ੍ਰਦੂਸ਼ਿਤ, ਸੈਨੀਟੇਸ਼ਨ ਵਿਭਾਗ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਹੋਇਆ ਪੱਬਾਂ ਭਾਰ
ਕਲਾਨੌਰ, 10 ਫਰਵਰੀ- ਗੁਰੂਆਂ ਪੀਰਾਂ ਤੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਅੰਮ੍ਰਿਤ ਮੰਨਿਆ ਜਾਣ ਵਾਲਾ ਪਾਣੀ ਆਰਸੈਨਿਕ ਤੱਤ ਹੋਣ ਕਾਰਨ ਪ੍ਰਦੂਸ਼ਤ ਹੋ ਕੇ ਪੀਣ ਯੋਗ ਨਹੀਂ ਰਿਹਾ। ਹੁਣ ਇਹ ਪਾਣੀ ਹੁਣ ਕੈਂਸਰ, ਗੁਰਦਿਆਂ ਦੇ ਰੋਗਾਂ ਤੋਂ ਇਲਾਵਾ ਦੰਦਾਂ ਅਤੇ ਹੱਡੀਆਂ ਨੂੰ ਖੋਰਾ ਲਗਾ ਰਿਹਾ ਹੈ। ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਦੀ ਧਰਤੀ ਤੇ ਦੇਸ਼ ਦੀ ਜਨਤਾ ਦਾ ਪੇਟ ਭਰਨ ਲਈ ਬੰਪਰ ਖੇਤੀ ਕੀਤੀ ਹੈ ਪ੍ਰੰਤੂ ਖੇਤੀ ਦੌਰਾਨ ਵਰਤੀਆਂ ਅੰਨ੍ਹੇਵਾਹ ਖਾਦਾਂ ਤੇ ਰਸਾਇਣਕ ਦਵਾਈਆਂ ਜ਼ਮੀਨ ਹੇਠਲੇ ਪਾਣੀ ‘ਚ ਆਰਸੈਨਿਕ ਤੇ ਮੈਟਲ ਤੱਕ ਆਉਣ ਦਾ ਮੁੱਖ ਕਾਰਨ ਹੈ। ਕੇਂਦਰੀ ਜਲ ਸਰੋਤ ਮੰਤਰਾਲੇ ਵੱਲੋਂ ਪੰਜਾਬ ਦੇ 20 ਜ਼ਿਲ੍ਹਿਆਂ ਦੇ ਜ਼ਮੀਨ ਹੇਠਲੇ ਪਾਣੀ ‘ਚ ਨਾਈਟਰੇਟ ਦਾ ਪੱਧਰ ਵਧਿਆ ਪਾਇਆ ਗਿਆ ਸੀ ਜਿਸ ਕਾਰਨ ਜਿੱਥੇ ਪਹਿਲਾਂ ਮਾਲਵੇ ਅਤੇ ਦੁਆਬੇ ਵਿੱਚ ਪਾਣੀ ਦੁਸ਼ਿਤ ਹੋਣ ਕਾਰਨ ਕੈਂਸਰ ਦੇ ਮਾਮਲੇ ਸਾਹਮਣੇ ਆਏ ਸਨ, ਉੱਥੇ ਪਿਛਲੇ ਸਮੇਂ ਤੋਂ ਮਾਝੇ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿੱਚ ਨਲਕਿਆਂ, ਟਿਊਬਵੈੱਲਾਂ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਵਰਲਡ ਬੈਂਕ ਦੇ ਸਹਿਯੋਗ ਨਾਲ ਸੈਨੀਟੇਸ਼ਨ ਵਿਭਾਗ ਵੱਲੋਂ ਲਾਈਆਂ ਗਈਆਂ ਵਾਟਰ ਸਪਲਾਈ ਦੀਆਂ ਟੈਂਕੀਆਂ ਦਾ ਪਾਣੀ ਵੀ ਦੂਸ਼ਿਤ ਹੋ ਚੁੱਕਾ ਹੈ। ਇਨ੍ਹਾਂ ਟੈਂਕੀਆਂ ਦੇ ਪਾਣੀ ਦੇ ਸੈਂਪਲਾਂ ਵਿੱਚ ਵੀ ਆਰਸੈਨਿਕ ਤੇ ਮੈਟਲ ਤੱਤ ਪਾਏ ਗਏ ਹਨ। ਸਰਹੱਦੀ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡਾਂ ਵਿੱਚ 330 ਅਤੇ ਡੇਰਾ ਬਾਬਾ ਨਾਨਕ ਬਲਾਕ ਵਿੱਚ 48 ਦੇ ਕਰੀਬ ਵਾਟਰ ਸਪਲਾਈ ਦੀਆਂ ਟੈਂਕੀਆਂ ਪਿਛਲੇ ਸਮੇਂ ਦੌਰਾਨ ਵਰਲਡ ਬੈਂਕ ਦੇ ਸਹਿਯੋਗ ਨਾਲ ਸੈਨੀਟੇਸ਼ਨ ਵਿਭਾਗ ਵੱਲੋਂ ਕਰੋੜਾਂ ਰੁਪਏ ਖਰਚ ਕਰ ਕੇ ਤਿਆਰ ਕੀਤੀਆਂ ਗਈਆਂ ਸਨ। ਉਕਤ ਬਲਾਕਾਂ ਦੇ ਕਈ ਪਿੰਡਾਂ ਵਿੱਚ ਚੱਲ ਰਹੀਆਂ ਵਾਟਰ ਸਪਲਾਈ ਦੀਆਂ ਟੈਂਕੀਆਂ ਦਾ ਜਿੱਥੇ ਪਾਣੀ ਦੂਸ਼ਿਤ ਪਾਇਆ ਗਿਆ ਹੈ, ਉੱਥੇ ਪਿੰਡ ਰਹੀਮਾਬਾਦ, ਨਬੀਨਗਰ, ਖੁਸ਼ੀਪੁਰ ਪੰਨਵਾਂ, ਸਪਰਆ ਕੋਠੀ, ਬਾਗੋਵਾਣੀ, ਕਾਲਾ ਗਰਾਇਆ, ਮੁਸਤਫਾਪੁਰ ਆਦਿ ਵਿੱਚ ਵਾਟਰ ਸਪਲਾਈ ਦੀਆਂ ਟੈਂਕੀਆਂ ਲੰਮੇ ਸਮੇਂ ਤੋਂ ਬੰਦ ਪਈਆਂ ਹੋਈਆਂ ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਜਿੱਥੇ ਪਿਛਲੇ ਸਮੇਂ ਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਵਰਲਡ ਬੈਂਕ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਦੀਆਂ ਟੈਂਕੀਆਂ ਜਿਨ੍ਹਾਂ ਦੇ 400 ਦੇ ਕਰੀਬ ਡੂੰਘੇ ਬੋਰ ਕਰਨ ਤੋਂ ਇਲਾਵਾ ਘਰ-ਘਰ ਪਾਣੀ ਪਹੁੰਚਾਉਣ ਲਈ ਪਾਈਪ ਲਾਈਨਾਂ ਪੁਵਾਈਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਪਾਣੀ ਦੂਸ਼ਿਤ ਪਾਇਆ ਗਿਆ।
ਮੁਫਤ ਦਿੱਤੇ ਜਾ ਰਹੇ ਨੇ ਆਰਓ, ਪਿੰਡ ਪੱਧਰ ‘ਤੇ ਲਗਾਏ ਜਾ ਰਹੇ ਨੇ ਪਲਾਂਟ
ਜ਼ਿਲ੍ਹਾ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਬਲਾਕ ਡੇਰਾ ਬਾਬਾ ਨਾਨਕ, ਕਲਾਨੌਰ, ਫਤਿਹਗੜ੍ਹ ਚੂੜੀਆਂ ਅਤੇ ਗੁਰਦਾਸਪੁਰ ਦੇ ਸੈਂਕੜੇ ਪਿੰਡਾਂ ਦਾ ਪਾਣੀ ਦੁਸ਼ਿਤ ਹੋਣ ਕਾਰਨ ਦਰਜਨਾਂ ਪਿੰਡਾਂ ਵਿੱਚ ਪਹਿਲਾਂ ਘਰ-ਘਰ ਸੈਨੀਟੇਸ਼ਨ ਵਿਭਾਗ ਵੱਲੋਂ ਆਰਸੈਨਿਕ ਆਰਓ ਮੁਫਤ ਵੰਡੇ ਗਏ ਸਨ ਜਿਨ੍ਹਾਂ ਨਾਲ ਲੋਕਾਂ ਵੱਲੋਂ ਆਪਣੇ ਘਰ ਵਿੱਚ ਹੀ ਇਸ ਆਰਸੈਨਿਕ ਆਰਓ ਤੋਂ ਤਿਆਰ ਕੀਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਆਰਓ ਨਾਲ ਸ਼ੁੱਧ ਪਾਣੀ ਬਣਾਉਣ ਸਬੰਧੀ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਸੈਂਕੜੇ ਦੇ ਕਰੀਬ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਹਰੇਕ ਪਿੰਡ ਵਿੱਚ ਸੀਡਬਲਯੂਪੀਪੀ ਸਕੀਮ ਤਹਿਤ ਆਰਸੈਨਿਕ ਪਲਾਂਟ ਲਗਾਏ ਹੋਏ ਹਨ ਜਿਨ੍ਹਾਂ ਤੋਂ ਸ਼ੁੱਧ ਪਾਣੀ ਪ੍ਰਾਪਤੀ ਲਈ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਦੇ ਲਾਭਪਾਤਰੀਆਂ ਨੂੰ ਕਾਰਡ ਜਾਰੀ ਕੀਤੇ ਹੋਏ ਹਨ ਜਿਸ ਨਾਲ ਹਰੇਕ ਲਾਭਪਾਤਰੀ 40 ਤੋਂ 70 ਲੀਡਰ ਤੱਕ ਮੁਫਤ ਸ਼ੁੱਧ ਪਾਣੀ ਪ੍ਰਾਪਤ ਕਰ ਸਕਦਾ ਹੈ।
ਸੈਨੀਟੇਸ਼ਨ ਵਿਭਾਗ ਵੱਲੋਂ ਡੇਢ ਅਰਬ ਦੀ ਲਾਗਤ ਨਾਲ ਬਣਾਏ ਜਾ ਰਹੇ ਨੇ ਸਰਫਿਸ ਵਾਟਰ ਪ੍ਰੋਜੈਕਟ
ਸੈਨੀਟੇਸ਼ਨ ਵਿਭਾਗ ਵੱਲੋਂ ਮੁੜ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਡੇਢ ਅਰਬ ਦੇ ਕਰੀਬ ਲਾਗਤ ਨਾਲ ਅਪਰਬਾਰੀ ਦੁਆਬ ਨਹਿਰ ਤੇ ਪੁਲ ਕੁੰਜਰ ‘ਤੇ ਪਾਰੋਵਾਲ ਵਿਖੇ ਬਣਾਏ ਜਾ ਰਹੇ ਸਰਫੇਸ ਵਾਟਰ ਪ੍ਰਾਜੈਕਟ ਤੋਂ ਬਲਾਕ ਕਲਾਨੌਰ, ਧਾਰੀਵਾਲ ਅਤੇ ਗੁਰਦਾਸਪੁਰ ਬਲਾਕ ਅਧੀਨ ਆਉਂਦੇ 102 ਪਿੰਡਾ ਨੂੰ ਪਾਣੀ ਪੁੱਜਦਾ ਕਰਨ ਤੋਂ ਇਲਾਵਾ ਪਾਰੋਵਾਲ ਸਰਫੇਸ ਵਾਟਰ ਪ੍ਰਾਜੈਕਟ ਤੋਂ ਡੇਰਾ ਬਾਬਾ ਨਾਨਕ, ਬਲਾਕ ਤੇ ਫਤਿਹਗੜ੍ਹ ਚੂੜੀਆਂ ਦੇ 40 ਦੇ ਕਰੀਬ ਪਿੰਡਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਅੰਡਰਗਰਾਊਂਡ ਪਾਈਪ ਲਾਈਨਾਂ ਜੰਗੀ ਪੱਧਰ ‘ਤੇ ਪਾਈਆਂ ਜਾ ਰਹੀਆਂ ਹਨ। ਬਲਾਕ ਕਲਾਨੌਰ ਵਿੱਚ ਆਰਸੈਨਿਕ ਪਲਾਂਟ 32 ਪਿੰਡਾਂ ਵਿੱਚ ਲਗਾਉਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਬਲਾਕ ਵਿੱਚ 33 ਦੇ ਕਰੀਬ ਆਰਸੈਨਿਕ ਪਲਾਂਟ ਪਿੰਡਾਂ ਵਿੱਚ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਚਾਰ ਪਿੰਡਾਂ ਦੀਆਂ ਵਾਟਰ ਸਪਲਾਈ ਦੀਆਂ ਟੈਂਕੀਆਂ ਵਿੱਚ ਆਰਸੈਨਿਕ ਪਲਾਂਟ ਲਗਾ ਕੇ ਦਰਜਨਾਂ ਪਿੰਡਾਂ ਦੇ ਸੈਂਕੜੇ ਪਰਿਵਾਰ ਰੋਜ਼ਾਨਾ ਸ਼ੁੱਧ ਪਾਣੀ ਪ੍ਰਾਪਤ ਕਰ ਰਹੇ ਹਨ।
ਪਾਣੀ ਵਿਚਲੇ ਆਰਸੈਨਿਕ ਤੱਤ ਮਨੁੱਖੀ ਸਿਹਤ ਲਈ ਹਾਨੀਕਾਰਕ : ਡਾਕਟਰ ਪੰਨੂ
ਸ੍ਰੀ ਗੁਰੂ ਰਾਮਦਾਸ ਸਾਹਿਬ ਹਸਪਤਾਲ ਦੇ ਡਾ. ਐੱਸਪੀ ਸਿੰਘ ਪੰਨੂ (ਐੱਮਡੀ) ਨੇ ਕਿਹਾ ਕਿ ਪਾਣੀ ਵਿਚਲੇ ਆਰਸੈਨਿਕ ਮੈਟਲ ਆਦਿ ਹੈਵੀ ਤੱਤ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਉਹਨਾਂ ਕਿਹਾ ਕਿ ਆਰਸੈਨਿਕ ਤੱਤਾਂ ਨਾਲ ਕੈਂਸਰ ਦੇ ਰੋਗ ਲੱਗਣ ਤੋਂ ਇਲਾਵਾ ਗੁਰਦਿਆਂ, ਦਿਮਾਗ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਹੱਡੀਆਂ, ਦਿਲ ਦੇ ਵਾਲਵ, ਹੱਡੀਆਂ ਅਤੇ ਦੰਦਾਂ ਦਾ ਖੁਰਨਾ, ਚਮੜੀ ਆਦਿ ਰੋਗ ਲੱਗਣ ਦਾ ਕਾਰਨ ਬਣਦੇ ਹਨ। ਉਹਨਾਂ ਕਿਹਾ ਕਿ ਹੈਵੀ ਮੈਟਲ ਸਰੀਰ ਦੀ ਬਾਡੀ ਵਿੱਚ ਜੰਮ ਕੇ ਅੰਦਰੋਂ ਅੰਦਰੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਡਾ. ਪੰਨੂ ਨੇ ਕਿਹਾ ਕਿ ਸਾਨੂੰ ਹਮੇਸ਼ਾ ਸ਼ੁੱਧ ਪਾਣੀ ਪੀਣਾ ਚਾਹੀਦਾ ਹੈ ਜਿਸ ਲਈ ਪਾਣੀ ਨੂੰ ਉਬਾਲ ਕੇ ਅਤੇ ਆਰਓ ਨਾਲ ਫਿਲਟਰ ਹੋਇਆ ਪਾਣੀ ਹੀ ਪੀਓ ਅਤੇ ਸਮੇਂ-ਸਮੇਂ ’ਤੇ ਆਪਣੇ ਪੀਣ ਵਾਲੇ ਪਾਣੀ ਦੀ ਜਾਂਚ ਕਰਵਾਉਂਦੇ ਰਹੋ। ‘ਸੈਨੀਟੇਸ਼ਨ ਵਿਭਾਗ ਵਿਭਾਗ ਵੱਲੋਂ ਸਰਫੇਸ ਵਾਟਰ ਪ੍ਰੋਜੈਕਟਾਂ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਟੈਂਡਰ ਹੋ ਚੁੱਕੇ ਹਨ ਅਤੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਸਮਿਆਂ ਵਿੱਚ ਪਿੰਡਾਂ ਵਿੱਚ ਲੋਕਾਂ ਨੂੰ ਮੁਫਤ ਆਰਸੈਨਿਕ ਆਰਓ ਵੰਡਣ ਤੋਂ ਇਲਾਵਾ ਪਿੰਡਾਂ ਵਿੱਚ ਆਰਸੈਨਿਕ ਪਲਾਂਟ ਲਾਏ ਜਾ ਚੁੱਕੇ ਹਨ। ਆਰਸੈਨਿਕ ਪਲਾਂਟ ਤੋਂ ਹਰੇਕ ਪਰਿਵਾਰ ਦੇ ਮੈਂਬਰ ਨੂੰ ਏਟੀਐੱਮ ਕਾਰਡ ਜਾਰੀ ਕੀਤਾ ਗਿਆ ਹੈ ਜਿਸ ਤੋਂ ਰੋਜ਼ਾਨਾ 40 ਲਿਟਰ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ। ਲਾਏ ਗਏ ਪਲਾਂਟਾਂ ਦੇ ਪਾਣੀ ਦੀ ਮਹੀਨਾਵਾਰ ਚੈੱਕਿੰਗ ਕੀਤੀ ਜਾਂਦੀ ਹੈ।



