ਸਰਹਿੰਦ ਨਹਿਰ ’ਚ ਡੁੱਬੇ ਦੋ ਬੱਚਿਆਂ ’ਚੋਂ ਇਕ ਦੀ ਲਾਸ਼ ਬਰਾਮਦ; ਜਾਗਿਆ ਪ੍ਰਸ਼ਾਸਨ, ਪੁਲ ’ਤੇ ਰੇਲਿੰਗ ਲਾਉਣ ਦਾ ਕੰਮ ਸ਼ੁਰੂ

ਮਖੂ, 25 ਜੁਲਾਈ : ਬੀਤੇ ਦਿਨ ਸਰਹਿੰਦ ਨਹਿਰ ਵਿਚ ਮੋਟਰਸਾਈਕਲ ਫਿਸਲਣ ਕਾਰਨ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ, ਉੱਥੇ ਹੀ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਇਸ ਹਾਦਸੇ ਵਿਚ ਨਹਿਰ ਵਿਚ ਰੁੜ੍ਹ ਗਏ ਦੋ ਬੱਚਿਆਂ ਵਿੱਚੋਂ ਇਕ ਬੱਚੀ ਨਿਮਰਤ ਕੌਰ ਦੀ ਲਾਸ਼ ਅੱਜ ਘੱਲ ਖੁਰਦ ਨੇੜੇ ਬਰਾਮਦ ਕਰ ਲਈ ਗਈ ਹੈ। ਦੂਜੇ ਬੱਚੇ ਦੀ ਭਾਲ ਅਜੇ ਜਾਰੀ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਹਲਕਾ ਵਿਧਾਇਕ ਨਰੇਸ਼ ਕੁਮਾਰ ਕਟਾਰੀਆ ਦੇ ਪੁੱਤਰ ਸ਼ੰਕਰ ਕਟਾਰੀਆ, ਐੱਸਡੀਐੱਮ ਜ਼ੀਰਾ, ਤਹਿਸੀਲਦਾਰ ਮਖੂ ਅਤੇ ਨਹਿਰੀ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਇਲਾਕਾ ਵਾਸੀਆਂ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਿੱਥੇ-ਜਿੱਥੇ ਵੀ ਪੁਲਾਂ ’ਤੇ ਰੇਲਿੰਗ ਨਹੀਂ ਲੱਗੀਆਂ ਹਨ, ਉੱਥੇ ਤੁਰੰਤ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਪੀਡਬਲਿਊਡੀ ਵਿਭਾਗ ਵੱਲੋਂ ਤੁਰੰਤ ਉਕਤ ਪੁਲ ’ਤੇ ਰੇਲਿੰਗ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐੱਸਡੀਐੱਮ ਗੁਰਮੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਹਾਦਸੇ ਲਈ ਜਿਹੜੇ ਵੀ ਠੇਕੇਦਾਰ ਜਾਂ ਅਧਿਕਾਰੀ ਜ਼ਿੰਮੇਵਾਰ ਪਾਏ ਗਏ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।



