
ਤਰਨਤਾਰਨ, 27 ਜੁਲਾਈ : ਹਰ ਮਹੀਨੇ ਦੀ ਤਰ੍ਹਾਂ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਭਗਤ ਸਿੰਘ ਰੁਜ਼ਗਾਰ ਗਰੰਟੀ ਐਕਟ ‘ਬਣੇਗਾ’ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਤਰਨਤਾਰਨ ਡੀਸੀ ਦਫ਼ਤਰ ਅੱਗੇ ਵਿਸ਼ਾਲਦੀਪ ਸਿੰਘ ਵਲਟੋਹਾ ਤੇ ਗੁਰਚਰਨ ਸਿੰਘ ਕੰਡਾ ਦੀ ਅਗਵਾਈ ਵਿਚ ਬਣੇਗਾ ਡੇ ਪ੍ਰਦਰਸ਼ਨ ਕੀਤਾ ਗਿਆ। ਯਾਦ ਰਹੇ ਕਿ ਪਿਛਲੇ ਸੱਤ ਮਹੀਨਿਆਂ ਤੋਂ ਇਹ ਸੱਤਵਾਂ ਪ੍ਰਦਰਸ਼ਨ ਸੀ। ਇਸ ਮੌਕੇ ਇੱਕ ਪੈਂਫਲੈੱਟ ਵੰਡ ਕੇ ਅਤੇ ਸੰਬੋਧਨ ਹੁੰਦਿਆਂ ਆਗੂਆਂ ਕਿਹਾ ਕਿ ਇਸ ਵੇਲੇ ਪੰਜਾਬ ਸਮੇਤ ਦੇਸ਼ ਵਿਚ ਤਿੰਨ ਚਾਰ ਕਰੋੜ ਨੌਜਵਾਨ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਹਨ। ਬੇਰੁਜ਼ਗਾਰ ਨੌਜਵਾਨਾਂ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ਿਆਂ, ਲੁੱਟਾਂ-ਖੋਹਾਂ, ਗੈਂਗਸਟਰਵਾਦ ਤੇ ਖੁਦਕਸ਼ੀਆਂ ਦੇ ਰਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਗਤ ਸਿੰਘ ਰੁਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਵਿਚ ਪਾਸ ਕੀਤਾ ਜਾਵੇ। ਹਰ ਨੌਜਵਾਨ ਮੁੰਡੇ-ਕੁੜੀ ਨੂੰ ਉਸ ਦੀ ਲਿਆਕਤ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ ਅਤੇ ਅਣਸਿੱਖਿਅਤ ਕਾਮੇ ਲਈ ਘੱਟੋ ਘੱਟ ਉਜਰਤ 35 ਹਜ਼ਾਰ ਰੁਪਏ, ਸਿੱਖਿਅਤ ਲਈ 45 ਹਜ਼ਾਰ ਤੇ ਉੱਚ ਸਿੱਖਿਅਤ ਲਈ 60 ਹਜ਼ਾਰ ਰੁਪਏ ਦਿੱਤੀ ਜਾਵੇ। ਜੇਕਰ ਕੰਮ ਨਹੀਂ ਦਿੱਤਾ ਜਾਂਦਾ ਤਾਂ ਉਜਰਤ ਦਾ ਅੱਧ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਹਰ ਬੱਚੇ ਨੂੰ ਬਾਰ੍ਹਵੀਂ ਤਕ ਮੁਫ਼ਤ ਤੇ ਲਾਜ਼ਮੀ ਸਿੱਖਿਆ ਦਿੱਤੀ ਜਾਵੇ। ਉੱਚ ਸਿੱਖਿਆ ਮੁਫ਼ਤ ਹੋਵੇ। 20 ਬੱਚਿਆਂ ਪਿੱਛੇ ਇਕ ਅਧਿਆਪਕ ਦਿੱਤਾ ਜਾਵੇ। ਅੱਜ ਅਤਿ ਆਧੁਨਿਕ ਮਸ਼ੀਨੀ ਯੁੱਗ ਵਿਚ ਕੰਮ ਦਿਹਾੜੀ ਸਮਾਂ ਛੇ ਘੰਟੇ ਕੀਤਾ ਜਾਵੇ ਤਾਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਅਤੇ ਨਵੀਂ ਮਸ਼ੀਨ ਵੱਲੋਂ ਬਚਾਇਆ ਸਮਾਂ ਵੀ ਆਮ ਲੋਕਾਂ ਦੇ ਹਿੱਸੇ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਲਾਲ ਸਿੰਘ ਵਲਟੋਹਾ, ਗੁਰਸੇਵਕ ਸਿੰਘ, ਗੁਰਬੀਰ ਸਿੰਘ, ਗੁਰਪ੍ਰਤਾਪ ਸਿੰਘ, ਹੁਸਨ ਆਸਲ, ਅਮਰੋਜ਼ ਰਾਜੋਕੇ ਆਦਿ ਹਾਜ਼ਰ ਸਨ।



