
ਪਠਾਨਕੋਟ, 5 ਅਗਸਤ : ਹੈੱਡ ਕਾਂਸਟੇਬਲ ਬਲਬੀਰ ਪਾਲ ਸਿੰਘ (50) ਦੀ ਨਿਊ ਚੱਕੀ ਪੁਲ਼ ‘ਤੇ ਡਿਊਟੀ ਦੌਰਾਨ ਉਸਦੀ ਆਪਣੀ ਸਰਵਿਸ ਰਾਈਫਲ ਏਕੇ -47 ਦੀ ਗੋਲ਼ੀ ਉਸਦੇ ਸਿਰ ਵਿੱਚ ਵੱਜਣ ਨਾਲ ਮੌਤ ਹੋ ਗਈ। ਬਲਬੀਰ ਪਾਲ ਸਿੰਘ ਪੀਏਪੀ ਪੁਲਿਸ ਲਾਈਨ ਜਲੰਧਰ 80 ਬਟਾਲੀਅਨ ਵਿੱਚ ਤਾਇਨਾਤ ਸੀ। ਉਹ ਜੁਲਾਈ ਵਿੱਚ ਸ਼ੁਰੂ ਹੋਈ ਅਮਰਨਾਥ ਯਾਤਰਾ ਲਈ ਪਠਾਨਕੋਟ ਵਿੱਚ ਡਿਊਟੀ ‘ਤੇ ਸੀ। ਹਾਦਸੇ ਤੋਂ ਬਾਅਦ ਸਾਥੀ ਕਰਮਚਾਰੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜ਼ਖਮੀ ਹੈੱਡ ਕਾਂਸਟੇਬਲ ਬਲਬੀਰ ਪਾਲ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਵੱਲੋਂ ਸੂਚਿਤ ਕੀਤੇ ਜਾਣ ‘ਤੇ ਮ੍ਰਿਤਕ ਬਲਬੀਰ ਪਾਲ ਸਿੰਘ ਦੇ ਪਰਿਵਾਰਕ ਮੈਂਬਰ ਪਠਾਨਕੋਟ ਪਹੁੰਚੇ। ਥਾਣਾ ਡਿਵੀਜ਼ਨ ਨੰਬਰ 2 ਦੇ ਇੰਚਾਰਜ ਮਨਦੀਪ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਇੰਚਾਰਜ ਮਨਦੀਪ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਬਲਬੀਰ ਪਾਲ ਸਿੰਘ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।



