
ਬਾਲ ਕਿਸ਼ਨ
ਫਿਰੋਜ਼ਪੁਰ, 28 ਜੂਨ : ਹਲਕਾ ਗੁਰੂਹਰਸਹਾਏ ਦੇ ਪਿੰਡ ਤਰਿਡਾ ਦੇ ਆਮ ਆਦਮੀ ਪਾਰਟੀ ਦੇ ਨੌਜਵਾਨ ਸਰਪੰਚ ਜਸ਼ਨ ਬਾਵਾ ਦੀ ਖੁਦਕੁਸ਼ੀ ਮਾਮਲੇ ਵਿੱਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ 27 ਦਿਨਾਂ ਬਾਅਦ ਪੰਜ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ । ਦਰਜ ਕੀਤੇ ਗਏ ਪਰਚੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕਰਨਵੀਰ ਸਿੰਘ ਢਿੱਲੋ ਵਾਸੀ ਨਿੱਜਰ, ਸੋਨੂ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ ਅਤੇ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਸ਼ਾਮਿਲ ਹਨ। ਦੂਜੇ ਪਾਸੇ ਜਸ਼ਨ ਬਾਵਾ ਦੇ ਪੀੜਿਤ ਮਾਪਿਆਂ ਨੇ ਇਸ ਪਰਚੇ ਉੱਪਰ ਕਈ ਤਰ੍ਹਾਂ ਦੇ ਸਵਾਲ ਉਠਾਏ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਸ਼ਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਲਈ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਸ ਦੇ ਪੀਏ ਬਚਿੱਤਰ ਲਾਡੀ ਜਿੰਮੇਵਾਰ ਸਨ ,ਜਿਨਾਂ ਖਿਲਾਫ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਸੀ । ਇਹ ਪਰਚਾ ਦਰਜ ਕਰਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ । ਇਸ ਮਾਮਲੇ ਨੂੰ ਲੈ ਕੇ ਬਣਾਈ ਗਈ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਸ਼ਨ ਦੀ ਮੌਤ ਦੇ ਜਿੰਮੇਵਾਰ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਜਿੰਨਾ ਚਿਰ ਇਨਸਾਫ ਨਹੀਂ ਮਿਲ ਜਾਂਦਾ ਉਹ ਚੁੱਪ ਨਹੀਂ ਬੈਠਣਗੇ ।



