ਸਰਕਾਰੀ ਸਕੂਲ ‘ਚ ਵਿਦਿਆਰਥਣਾਂ ਨਾਲ ਛੇੜਛਾੜ ਵਾਲੇ ਅਧਿਆਪਕ ਦੀ ਹੁਣ ਖੈਰ ਨਹੀਂ, ਪਰਚਾ ਦਰਜ ਕਰਨ ਤੇ ਗ੍ਰਿਫ਼ਤਾਰੀ ਦੇ ਹੁਕਮ

ਗੁਰੂਹਰਸਹਾਏ, 11 ਜੁਲਾਈ : ਬੀਸੀ ਕਮਿਸ਼ਨਰ ਦੇ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਗੁਰੂਹਰਸਹਾਏ, ਸਕੂਲ ਆਫ਼ ਐਮੀਨੈਂਸ ਦੇ ਅਧਿਆਪਕ ਰਾਜ ਕੁਮਾਰ ਚੁੱਘ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ਦੇ ਸਬੰਧ ਵਿਚ ਸਕੂਲ ਵਿਚ ਪਹੁੰਚੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨੀਲਾ ਅਰੋੜਾ ਅਤੇ ਪੀੜਤ ਵਿਦਿਆਰਥਣਾਂ ਦੇ ਮਾਪੇ ਵੀ ਇਸ ਮੌਕੇ ’ਤੇ ਪਹੁੰਚੇ ਸਨ। ਚੇਅਰਮੈਨ ਥਿੰਦ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ ਨੇ ਡੀਐੱਸਪੀ ਸਤਨਾਮ ਸਿੰਘ ਅਤੇ ਥਾਣਾ ਇੰਚਾਰਜ਼ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੂੰ ਦੋਸ਼ੀ ਅਧਿਆਪਕ ਰਾਜ ਕੁਮਾਰ ਚੁੱਘ ਅਤੇ ਇਸ ਮਾਮਲੇ ਵਿਚ ਉਸ ਦਾ ਸਾਥ ਦੇਣ ਵਾਲੇ ਅਧਿਆਪਕਾਂ ਵਿਰੁੱਧ ਤੁਰੰਤ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਥਿੰਦ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਸਾਰੇ ਪੱਖ ਸੁਣਨ ਤੋਂ ਬਾਅਦ ਇਹ ਘਟਨਾ ਸੱਚ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਮਾਪਿਆਂ ਵਾਂਗ ਹੁੰਦੇ ਹਨ ਪਰ ਅਧਿਆਪਕ ਰਾਜ ਕੁਮਾਰ ਚੁੱਘ ਨੇ ਅਜਿਹਾ ਘਿਣਾਉਣਾ ਕੰਮ ਕਰਕੇ ਇਸ ਰਿਸ਼ਤੇ ਨੂੰ ਵਿਗਾੜ ਦਿੱਤਾ ਹੈ। ਚੇਅਰਮੈਨ ਥਿੰਦ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ 4 ਮਹੀਨੇ ਪਹਿਲਾਂ ਵਿਦਿਆਰਥਣਾਂ ’ਤੇ ਦਬਾਅ ਪਾਇਆ ਗਿਆ ਸੀ ਕਿ ਉਹ ਉਕਤ ਅਧਿਆਪਕ ਵੱਲੋਂ ਸ਼ੁਰੂ ਕੀਤੀ ਗਈ ਛੇੜਛਾੜ ਦੀ ਘਿਣਾਉਣੀ ਹਰਕਤ ਬਾਰੇ ਕਿਸੇ ਨੂੰ ਨਾ ਦੱਸਣ। ਉਨ੍ਹਾਂ ਅਧਿਆਪਕਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਕੇਸ ਦਰਜ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ।



