
ਦਿੜ੍ਹਬਾ, 26 ਨਵੰਬਰ : ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਭਾਰਤੀ ਕਰਵਾਉਣ ਦੇ ਨਾਂਅ ’ਤੇ ਲੱਖਾਂ ਰੁਪਏ ਲੈਣ ਤੇ ਪੁਲਿਸ ਥਾਣਾ ਦਿੜ੍ਹਬਾ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਜ ਮੁਕੱਦਮੇ ਅਨੁਸਾਰ ਗੁਰਮੇਲ ਸਿੰਘ ਵਾਸੀ ਲਾਡਬੰਜਾਰਾ ਕਲਾਂ ਨੂੰ ਦਰਸ਼ਨ ਸਿੰਘ ਵਾਸੀ ਸੰਗਰੂਰ, ਹਰਦੀਪ ਸਿੰਘ ਵਾਸੀ ਭੁਟਾਲ ਕਲਾਂ ਅਤੇ ਚਮਕੌਰ ਸਿੰਘ ਵਾਸੀ ਸੰਗਰੂਰ ਇੱਕ ਸਮਾਗਮ ਵਿੱਚ ਮਿਲੇ। ਜਿੰਨਾ ਦਰਸ਼ਨ ਸਿੰਘ ਦੇ ਪੁੱਤਰ ਮਨਦੀਪ ਸਿੰਘ ਦੇ ਕੰਮਕਾਰ ਬਾਰੇ ਪੁੱਛਿਆ। ਮਨਦੀਪ ਸਿੰਘ ਪੜ੍ਹਾਈ ਪੂਰੀ ਕਰ ਚੁੱਕਿਆ ਹੈ। ਉਕਤ ਵਿਅਕਤੀਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਮੋਹਤਬਰ ਵਿਅਕਤੀਆਂ ਨਾਲ ਚੰਗੀ ਜਾਣ ਪਹਿਚਾਣ ਅਤੇ ਸਰਕਾਰੀ ਦਫ਼ਤਰਾਂ ਵਿਚ ਚੰਗਾ ਰਸੂਖ ਹੈ। ਮਨਦੀਪ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਸਿੱਧਾ ਸਬ ਇੰਸਪੈਕਟਰ ਭਾਰਤੀ ਕਰਵਾ ਦੇਵਾਂਗੇ। ਜਿਸ ਲਈ ਇਕ ਕਰੋੜ ਰੁਪਏ ਦੇਣੇ ਪੈਣਗੇ। ਅੱਧੇ ਪੈਸੇ ਪਹਿਲਾਂ ਅਤੇ ਅੱਧੇ ਪੈਸੇ ਭਰਤੀ ਹੋਣ ਤੋਂ ਬਾਅਦ ਦੇਂਣ ਪੈਣਗੇ। ਗੁਰਮੇਲ ਸਿੰਘ ਨੇ ਝਾਂਸੇ ਵਿੱਚ ਆ ਕੇ ਆਪਣੇ ਰਿਸ਼ਤੇਦਾਰ ਤੋਂ 38 ਲੱਖ ਰੁਪਏ ਉਧਾਰ ਲੈ ਕੇ ਨਗਦ ਕ੍ਰਿਸ਼ਨ ਸਿੰਘ ਸਾਹਮਣੇ ਘਰ ਪਿੰਡ ਲਾਡਬੰਜਾਰਾ ਕਲਾਂ ਵਿੱਚ ਦੇ ਦਿੱਤੇ। ਬਾਅਦ ਵਿਚ ਹੋਰ ਪੈਸਿਆਂ ਦੀ ਮੰਗ ਕਰਨ ਤੇ 4999 ਅਤੇ 10000 ਰੁਪਏ ਵੱਖ- ਵੱਖ ਮਿਤੀਆਂ ਨੂੰ ਗੂਗਲ-ਪੇ ਕਰ ਦਿੱਤੇ। ਤਿੰਨ-ਚਾਰ ਮਹੀਨੇ ਲੰਘ ਗਏ। ਮਨਦੀਪ ਸਿੰਘ ਨੂੰ ਪੁਲਿਸ ਵਿੱਚ ਸਬ ਇੰਸਪੈਕਟਰ ਭਾਰਤੀ ਨਹੀਂ ਕਰਵਾਇਆ। ਪੈਸਿਆਂ ਦੀ ਮੰਗ ਕਰਨ ਤੇ 17 ਲੱਖ, 40 ਹਜ਼ਾਰ ਰੁਪਏ ਵਾਪਸ ਕਰ ਦਿੱਤੇ। 20 ਲੱਖ, 75 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ। ਜਿਸ ਸਬੰਧੀ ਪੁਲਿਸ ਥਾਣਾ ਦਿੜ੍ਹਬਾ ਵਿਖੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ- ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਮੁੱਖ ਅਫਸਰ ਦਿੜ੍ਹਬਾ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਪਰ ਹਾਲੇਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।



