
ਜਲੰਧਰ, 28 ਅਗਸਤ : ਬੁੱਧਵਾਰ ਦੁਪਹਿਰ ਨੂੰ ਲਾਡੋਵਾਲੀ ਰੋਡ ਤੇ ਸੀਵਰੇਜ ਦੀ ਸਫਾਈ ਕਰ ਰਹੇ ਇਕ ਸਫਾਈ ਕਰਮਚਾਰੀ ਨੂੰ ਐਕਸ ਯੂਵੀ ਕਾਰ ਨੇ ਕੁਚਲ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਖਮੀ ਹਾਲਤ ’ਚ ਉਸਦੇ ਸਾਥੀਆਂ ਨੇ ਉਸਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਦੋਂ ਕਿ ਕਾਰ ਚਾਲਕ ਨੂੰ ਕਾਬੂ ਕਰਕੇ ਬਾਰਾਦਰੀ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਕਾਰ ਚਾਲਕ ਦੀ ਪਛਾਣ ਜਗਰੂਪ ਸਿੰਘ ਵਾਸੀ ਪ੍ਰੀਤ ਨਗਰ ਦੇ ਰੂਪ ’ਚ ਹੋਈ। ਪੁਲਿਸ ਨੇ ਕਾਰ ਵੀ ਆਪਣੇ ਕਬਜ਼ੇ ’ਚ ਲੈ ਲਈ ਹੈ। ਜਾਣਕਾਰੀ ਅਨੁਸਾਰ ਜਲੰਧਰ ’ਚ ਮੀਂਹ ਕਾਰਨ ਲਾਡੋਵਾਲੀ ਰੋਡ ਤੇ ਸਫਾਈ ਕਰਮਚਾਰੀਆਂ ਵੱਲੋਂ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਐਕਸ ਯੂਵੀ ਕਾਰ ਚਾਲਕ ਨੇ ਸੜਕ ਤੇ ਸੀਵਰੇਜ ਦੀ ਸਫਾਈ ਕਰ ਰਹੇ ਸਫਾਈ ਕਰਮਚਾਰੀ ਨੂੰ ਵੇਖੇ ਬਿਨਾਂ ਹੀ ਕਾਰ ਦੇ ਦੋਵੇਂ ਟਾਇਰ ਉਸ ’ਤੇ ਚੜ੍ਹਾ ਦਿੱਤੇ, ਜਿਸ ਕਾਰਨ ਸਫਾਈ ਕਰਮਚਾਰੀ ਬੁਰੀ ਤਰ੍ਹਾਂ ਕੁਚਲਿਆ ਗਿਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਨੇੜੇ ਲੱਗੇ ਸੀਸੀਟੀਵੀ ’ਚ ਕੈਦ ਹੋ ਗਈ। ਜ਼ਖਮੀ ਨੂੰ ਉਸਦੇ ਹੋਰ ਸਾਥੀਆਂ ਨੇ ਹਸਪਤਾਲ ’ਚ ਦਾਖਲ ਕਰਵਾਇਆ, ਇੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤੇ ਕਾਰ ਚਾਲਕ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇੱਥੇ ਪੁਲਿਸ ਵੱਲੋਂ ਕਾਰ ਚਾਲਕ ਵਿਰੁੱਧ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਇਸ ਘਟਨਾ ਬਾਰੇ ਮੁਲਾਜਮਾ ’ਚ ਭਾਰੀ ਗੁੱਸਾ ਸੀ। ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਕਮਿਸ਼ਨਰ ਤੇ ਸ਼ਹਿਰ ਦੇ ਮੇਅਰ ਵਿਨੀਤ ਧੀਰ ਤੇ ਹਾਦਸੇ ਦੇ ਚਾਰ ਘੰਟੇ ਬਾਅਦ ਵੀ ਜ਼ਖਮੀ ਵਿਅਕਤੀ ਦੀ ਹਾਲਤ ਜਾਣਨ ਲਈ ਨਾ ਪਹੁੰਚਣ ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਅਧਿਕਾਰੀਆਂ ਕੋਲ ਜ਼ਖਮੀ ਕਰਮਚਾਰੀ ਨੂੰ ਦੇਖਣ ਲਈ ਸਮਾਂ ਨਹੀਂ ਹੈ। ਇਸ ਦੌਰਾਨ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਖਮੀ ਕਰਮਚਾਰੀ ਨੂੰ ਕੁਝ ਹੋਇਆ ਤਾਂ ਉਹ ਨਗਰ ਨਿਗਮ ਦਫ਼ਤਰ ’ਚ ਕੰਮ ਬੰਦ ਕਰ ਦੇਣਗੇ। ਸ਼ਹਿਰ ਦਾ ਕੰਮ ਸਫਾਈ ਕਰਮਚਾਰੀਆਂ ਵੱਲੋਂ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸਥਾਈ ਕਰਮਚਾਰੀ 8 ਤੋਂ 10 ਹਜ਼ਾਰ ਰੁਪਏ ਤੱਕ ਕੰਮ ਕਰਦੇ ਹਨ। ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਜ਼ਖਮੀ ਕਰਮਚਾਰੀ ਦਾ ਖਰਚਾ ਚੁੱਕਣ ਦੀ ਅਪੀਲ ਕੀਤੀ ਹੈ। ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਦੁਖਦਾਈ ਹਾਦਸੇ ਤੇ ਰੋਸ਼ ਜਾਹਿਰ ਕਰਦੇ ਹੋਏ ਮੁਲਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਬੰਟੂ ਸਭਰਵਾਕ ਕਿਹਾ ਕੀ ਜ਼ਖਮੀ ਕਰਮਚਾਰੀ ਦਾ ਸਹੀ ਇਲਾਜ ਕਰਵਾਇਆ ਜਾਵੇ ਤੇ ਸਰਕਾਰ ਉਸ ਦੇ ਇਲਾਜ ਦਾ ਖਰਚਾ ਚੁੱਕੇ। ਲਾਡੋਵਾਲੀ ਰੋਡ ਤੇ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਹਾਦਸੇ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਨਗਰ ਨਿਗਮ ਪ੍ਰਧਾਨ ਬੰਟੂ ਸੱਭਰਵਾਲ, ਰਿੰਪੀ ਕਲਿਆਣ, ਰਾਜਨ ਕਲਿਆਣ, ਮਨੀਸ਼ ਬਾਬਾ, ਵਿਨੋਦ ਗਿੱਲ, ਵਿਕਰਮ ਕਲਿਆਣ, ਵਿਨੋਦ ਕਲਿਆਣ, ਸਿਕੰਦਰ ਖੋਸਲਾ, ਹਰੀਸ਼ ਸੱਭਰਵਾਲ, ਹੈਪੀ ਥਾਪਰ ਤੇ ਹੋਰ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਦੇ ਇਲਾਜ ਦਾ ਖਰਚਾ ਵੀ ਚੁੱਕਿਆ ਜਾਵੇ।



