
ਜਲੰਧਰ, 23 ਜੁਲਾਈ : ਕਮਿਸ਼ਨਰੇਟ ਪੁਲਿਸ ਵੱਲੋਂ ਡਿਜ਼ੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਦੇ ਹੋਏ ਸੀਪੀ ਦਫ਼ਤਰ ਵਿਖੇ ਸਾਈਬਰ ਕਿਓਸਕ ਮਸ਼ੀਨ ਇੰਸਟਾਲ ਕੀਤੀ ਗਈ। ਇਸ ਦਾ ਉਦਘਾਟਨ ਸਪੈਸ਼ਲ ਡੀਜੀਪੀ ਰਾਮ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਜੁਆਇੰਟ ਸੀਪੀ ਸੰਦੀਪ ਕੁਮਾਰ, ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਇਹ ਸਾਈਬਰ ਕਿਓਸਕ ਸਟੈਂਡਅਲੋਨ ਮਸ਼ੀਨ ਹੈ, ਜੋ ਕਿ ਮੋਬਾਈਲ ਡਿਵਾਈਸਾਂ ਤੇ ਯੂਐੱਸਬੀ ਸਟੋਰੇਜ ਡਿਵਾਈਸਾਂ ’ਚੋਂ ਖਤਰਨਾਕ, ਸ਼ੱਕੀ ਜਾਂ ਹਾਨੀਕਾਰਕ ਫਾਈਲਾਂ ਤੇ ਐਪਲੀਕੇਸ਼ਨਾਂ ਦੀ ਪਛਾਣ ਕਰਦੀ ਹੈ, ਜਿਸ ਰਾਹੀਂ ਨਾਗਰਿਕ ਆਪਣੇ ਡਿਜੀਟਲ ਡਿਵਾਈਸ ਸੁਰੱਖਿਅਤ ਰੱਖ ਸਕਣਗੇ। ਇਸ ਦੇ ਨਾਲ ਹੀ ਰਾਮ ਸਿੰਘ ਦੀ ਅਗਵਾਈ ਹੇਠ ਸੀਪੀ ਜਲੰਧਰ ਤੇ ਸਬੰਧਤ ਏਸੀਪੀਜ਼ ਨਾਲ ਮਿਲ ਕੇ ਸ਼ਹਿਰ ਭਰ ’ਚ ਇਕ ਟਾਰਗਟਿਡ ਕਾਸੋ ਓਪਰੇਸ਼ਨ ਚਲਾਇਆ ਗਿਆ। ਇਹ ਓਪਰੇਸ਼ਨ ਨਸ਼ਾ ਤਸਕਰੀ ਤੇ ਅਪਰਾਧਕ ਤੱਤਾਂ ਨੂੰ ਨਿਸ਼ਾਨਾ ਬਣਾਉਂਦਿਆਂ, ਵੱਖ-ਵੱਖ ਹੌਟਸਪੌਟ ਖੇਤਰਾਂ ’ਚ ਕਈ ਨਾਕੇ ਲਗਾ ਕੇ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਇਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ, ਜਿਸ ’ਚ ਸੀਪੀ ਜਲੰਧਰ, ਜੇਸੀਪੀ ਜਲੰਧਰ ਤੇ ਹੋਰ ਸੀਨੀਅਰ ਅਧਿਕਾਰੀ, ਜਿਵੇਂ ਕਿ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ, ਐੱਸਐੱਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਤੇ ਐੱਸਐੱਸਪੀ ਜਲੰਧਰ ਰੂਰਲ ਹਰਵਿੰਦਰ ਸਿੰਘ ਵਿਰਕ ਸ਼ਾਮਲ ਸਨ। ਮੀਟਿੰਗ ’ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਤੇ ਨਸ਼ਾ ਵਿਰੁੱਧ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਤੇ ਚਰਚਾ ਹੋਈ। ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਵੇਂ ਸਥਾਪਿਤ ਸਾਈਬਰ ਕਿਓਸਕ ਦੀ ਸਹਾਇਤਾ ਲੈ ਕੇ ਆਪਣੇ ਡਿਜੀਟਲ ਡਿਵਾਈਸਾਂ ਨੂੰ ਨੁਕਸਾਨਦਾਇਕ ਸਮੱਗਰੀ ਤੋਂ ਬਚਾਉਣ। ਜਲੰਧਰ ਸ਼ਹਿਰ ’ਚ ਟਾਰਗਟਡ ਕਾਸੋ ਓਪਰੇਸ਼ਨ ਦੌਰਾਨ 7 ਐੱਫਆਈਆਰ ਦਰਜ, 9 ਗ੍ਰਿਫਤਾਰ ਸਪੈਸ਼ਲ ਡੀਜੀਪੀ ਰਾਮ ਸਿੰਘ, ਆਈਪੀਐੱਸ ਤੇ ਪੁਲਿਸ ਕਮਿਸ਼ਨਰ ਜਲੰਧਰ ਧਨਪਰੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਇਕ ਟਾਰਗਟਡ ਕਾਸੋ ਓਪਰੇਸ਼ਨ ਚਲਾਇਆ ਗਿਆ। ਇਸ ਓਪਰੇਸ਼ਨ ਦੌਰਾਨ ਸ਼ਹਿਰ ਦੇ 10 ਨਸ਼ਾ ਪ੍ਰਭਾਵਿਤ ਥਾਵਾਂ ’ਤੇ ਜੀਓ ਰੈਂਕ ਦੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ 110 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਇਸ ਓਪਰੇਸ਼ਨ ਦੌਰਾਨ ਵੱਖ-ਵੱਖ ਇਲਾਕਿਆਂ ’ਚੋਂ ਨੌ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਸੱਤ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਓਪਰੇਸ਼ਨ ਜਲੰਧਰ ਪੁਲਿਸ ਵੱਲੋਂ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਨਸ਼ਿਆਂ ਵਿਰੁੱਧ ਨਿਸ਼ਚਿਤ ਨਿਗਰਾਨੀ ਤੇ ਠੋਸ ਕਾਰਵਾਈ ਕਰਨੀ ਹੈ।



