National

ਸਤਨਾਮ ਸੰਧੂ ਵੱਲੋਂ ਧਾਰਮਿਕ ਰੇਲਾਂ ਦੇ ਖਰੜ ਸਟੇਸ਼ਨ ‘ਤੇ ਸਟਾਪੇਜ਼ ਤੇ ਕਾਊਂਟਰ ਦੀ ਮੰਗ

ਸਤਨਾਮ ਸੰਧੂ ਨੇ ਧਾਰਮਿਕ ਅਸਥਾਨਾਂ ’ਤੇ ਜਾਣ ਵਾਲੀਆਂ ਰੇਲਾਂ ਦੇ ਖਰੜ ਰੇਲਵੇ ਸਟੇਸ਼ਨ ’ਤੇ ਸਟਾਪੇਜ਼ ਤੇ ਰਿਜ਼ਰਵੇਸ਼ਨ ਕਾਊਂਟਰ ਬਣਾਉਣ ਦੀ ਕੇਂਦਰੀ ਰੇਲ ਮੰਤਰੀ ਨੂੰ ਕੀਤੀ ਮੰਗ

ਨਵੀਂ ਦਿੱਲੀ/ਚੰਡੀਗੜ੍ਹ, 5 ਅਪ੍ਰੈਲ 2025 – ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਕੇੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਲੰਘੇ ਸਾਲਾਂ ਦੌਰਾਨ ਤੇਜ਼ੀ ਨਾਲ ਸਿੱਖਿਆ ਤੇ ਆਰਥਿਕ ਤਰੱਕੀ ਦੇ ਕੇਂਦਰ ਵਜੋਂ ਉਭਰੇ ਖਰੜ ਸ਼ਹਿਰ ਲਈ ਰੇਲ ਕੂਨੈਕਟੀਵਿਟੀ ਦੇ ਮੁੱਦੇ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੰਸਦ ਮੈਂਬਰ ਸੰਧੂ ਨੇ ਕਿਹਾ ਕਿ ਜਿਥੇ ਪੰਜਾਬ ਦਾ ਬਹੁਤ ਹੀ ਮਹੱਤਵਪੂਰਨ ਸ਼ਹਿਰ ਖਰੜ, ਬਹੁਤ ਤੇਜ਼ੀ ਦੇ ਨਾਲ ਵਿਕਸਿਤ ਹੋ ਰਹੇ ਸ਼ਹਿਰਾਂ ਵਿਚੋਂ ਇੱਕ ਹੈ ਅਤੇ ਉਥੇ ਹੀ ਪੰਜਾਬ ਦਾ ਮੁੱਖ ਪ੍ਰਵੇਸ਼ ਦਵਾਰ ਵੀ ਹੈ। ਸੰਧੂ ਨੇ ਖਰੜ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ਦੇ ਸਟਾਪੇਜ਼ ਦੀ ਮੰਗ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਥੇ ਧਾਰਮਿਕ ਤੀਰਥ ਅਸਥਾਨਾਂ ’ਤੇ ਜਾਣ ਵਾਲੀਆਂ 6 ਰੇਲ ਗੱਡੀਆਂ ਦਾ ਸਟਾਪੇਜ਼ ਬਣਾਇਆ ਜਾਵੇ ਤੇ ਰੇਲਵੇ ਸਟੇਸ਼ਨ ’ਤੇ ਰਿਜ਼ਰਵੇਸ਼ਨ ਕਾਉਂਟਰ ਵੀ ਬਣਾਇਆ ਜਾਵੇ।ਇਸ ਸਬੰਧੀ ਵਿਚਾਰ ਚਰਚਾ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਵੱਲੋਂ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੈਮੋਰੰਡਮ ਵੀ ਸੌਂਪਿਆ ਗਿਆ। ਸੰਸਦ ਮੈਬਰ (ਰਾਜ ਸਭਾ) ਸੰਧੂ ਨੇ ਵਿਚਾਰ ਚਰਚਾ ਦੌਰਾਨ ਕਿਹਾ ਕਿ ਖਰੜ ਸ਼ਹਿਰ ਹੁਣ ਸਿੱਖਿਆ ਤੇ ਆਰਥਿਕ ਤਰੱਕੀ ਦਾ ਹੱਬ ਬਣ ਚੁੱਕਾ ਹੈ। ਇਸ ਸ਼ਹਿਰ ਦੀ ਅਬਾਦੀ 10 ਲੱਖ ਤੋਂ ਵੀ ਵੱਧ ਹੋ ਗਈ ਹੈ। ਦੋ ਵੱਡੀਆਂ ਯੂਨੀਵਰਸਿਟੀਆਂ ਦੇ ਨਾਲ 7 ਵੱਡੇ ਕਾਲਜ ਹਨ ਜਿਥੇ ਦੇਸ਼ ਭਰ ਤੋਂ ਹਜ਼ਾਰਾਂ ਦੀ ਸੰਖਿਆ ’ਚ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ। ਖਰੜ ਤੇ ਖਰੜ ਸ਼ਹਿਰ ਦੇ ਆਲੇ ਦੁਆਲੇ ਦਾ ਸ਼ਹਿਰੀਕਰਨ ਹੋਣ ਕਰ ਕੇ ਹਜ਼ਾਰਾਂ ਦੀ ਸੰਖਿਆ ਵਿਚ ਦੇਸ਼ ਦੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਣ ਜਾਣ ਵਾਲੇ ਯਾਤਰੀਆਂ ਲਈ ਇੱਕ ਰਿਜ਼ਰਵੇਸ਼ਨ ਕਾਉਂਟਰ ਬਣਾਉਣ ਦੀ ਲੋੜ ਹੈ। ਇਸ ਤੋਂ ਇਲਾਵਾ, ਇਨ੍ਹਾਂ ਅਕਾਦਮਿਕ ਅਦਾਰਿਆਂ ਵਿਚ 60 ਤੋਂ ਵੱਧ ਦੇਸ਼ਾਂ ਤੋਂ ਵਿਦਿਆਰਥੀ ਸਿੱਖਿਆ ਹਾਸਲ ਕਰਨ ਲਈ ਆ ਰਹੇ ਹਨ। ਇਹ ਸ਼ਹਿਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਬ ਵਜੋਂ ਵੀ ਉਭਰਿਆ ਹੈ।  ਸੰਸਦ ਮੈਂਸਰ (ਰਾਜ ਸਭਾ) ਸੰਧੂ ਨੇ ਕਿਹਾ ਕਿ ਵੱਧ ਰਹੀ ਅਬਾਦੀ ਸ਼ਹਿਰ ਦੀ ਅਹਿਮੀਅਤ ਦੇ ਮੱਦੇਨਜ਼ਰ, ਇਥੇ ਕੂਨੈਕਟੀਵਿਟੀ ਦੀ ਸਮੱਸਿਆ ਪੈਦਾ ਹੋ ਗਈ ਹੈ। ਖਰੜ ਸ਼ਹਿਰ ਦੇ ਨਾਗਰਿਕਾਂ ਦੀ ਮੰਗ ਹੈ ਕਿ ਖਰੜ ਰੇਲਵੇ ਸਟੇਸ਼ਨ ’ਤੇ ਕੁੱਝ ਮਹੱਤਵਪੂਰਨ ਰੇਲਾਂ ਨੂੰ ਇਸ ਰੂਟ ਰਾਹੀਂ ਜਾਣ ਤੇ ਰੁੱਕਣ ਦਾ ਪ੍ਰਬੰਧ ਕੀਤਾ ਜਾਵੇ ਤੇ ਰਿਜ਼ਰਵੇਸ਼ਨ ਕਾਊਂਟਰ ਵੀ ਸਥਾਪਿਤ ਕੀਤਾ ਜਾਵੇ। ਖਰੜ ਵਾਸੀਆਂ ਦੀ ਮੰਗ ਹੈ ਕਿ ਆਉਣ ਜਾਣ ਵਾਲੀਆਂ ਰੇਲਾਂ ’ਚ ਕ੍ਰਮਵਾਰ ਨੰਦੇੜ-ਅੰਬਾਲਾ ਛਾਉਣੀ ਲਈ ਹਜ਼ੂਰ ਸਾਹਿਬ ਨੰਦੇੜ-ਅੰਬ ਅੰਦੋਰਾ ਸੁਪਰਫਾਸਟ ਐੱਕਸਪ੍ਰੈੱਸ, ਬਾਂਦਰਾ ਟਰਮਿਨਲ ਤੋਂ ਅੰਮਿ੍ਰਤਸਰ ਲਈ ਪਸ਼ਚਿਮ ਐੱਕਸਪ੍ਰੈੱਸ, ਵੈਸ਼ਨੋ ਦੇਵੀ-ਰਿਸ਼ੀਕੇਸ਼ ਲਈ ਕਾਲਕਾ-ਸ਼੍ਰੀ ਵੈਸ਼ਨੋ ਦੇਵੀ ਕੱਟੜਾ ਐੱਕਸਪ੍ਰੈੱਸ, ਰਿਸ਼ੀਕੇਸ਼ ਤੋਂ ਕੱਟੜਾ ਲਈ ਹੇਮਕੁੰਟ ਐੱਕਸਪ੍ਰੈੱਸ, ਦੇਹਰਾਦੂਨ-ਅੰਮਿ੍ਰਤਸਰ ਲਈ ਦੇਹਰਾਦੂਨ ਅੰਮਿ੍ਰਤਸਰ ਐੱਕਸਪ੍ਰੈੱਸ ਤੇ ਸਹਿਰਸਾ, ਬਿਹਾਰ ਤੋਂ ਅੰਮਿ੍ਰਤਸਰ ਲਈ ਸਹਿਰਸਾ ਅੰਮਿ੍ਰਤਸਰ ਜਨਸਧਾਰਨ ਐੱਕਸਪ੍ਰੈੱਸ ਰੇਲ ਗੱਡੀਆਂ ਨੂੰ ਯਾਤਰੀਆਂ ਨੂੰ ਲੈ ਕੇ ਜਾਣ ਲਈ ਰੋਕਿਆ ਜਾਵੇ।ਇਨ੍ਹਾਂ ਰੇਲ ਗੱਡੀਆਂ ਦੇ ਖਰੜ ਸ਼ਹਿਰ ’ਚ ਸਟਾਪੇਜ਼ ਦੇ ਨਾਲ ਨਾ ਸਿਰਫ ਇਸ ਸ਼ਹਿਰ ਦਾ ਵਿਕਾਸ ਹੋਵੇਗਾ। ਬਲਕਿ ਪੂਰੇ ਪੰਜਾਬ ਵਿਚ ਆਰਥਿਕ ਤੇ  ਸੈਲਾਨੀਆਂ ਦੀਆਂ ਗਤੀਵਿਧੀਆਂ ਵਿਚ ਵੀ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ 20 ਮਾਰਚ ਨੂੰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮੰਗ ਪੱਤਰ ਸੌਂਪ ਕੇ ਇਸ ਮਾਮਲੇ ’ਚ ਧਿਆਨ ਦੇਣ ਦੀ ਮੰਗ ਕੀਤੀ ਸੀ।ਪੱਤਰ ’ਚ ਸੰਧੂ ਨੇ ਜ਼ਿਕਰ ਕੀਤਾ ਸੀ ਕਿ ਖਰੜ ਰੇਲਵੇ ਸਟੇਸ਼ਨ ’ਤੇ ਟਿਕਟਾਂ ਵਿਕਰੀ ਤੋਂ ਚੰਗੀ ਖਾਸੀ ਕਮਾਈ ਹੋਣ ਦੇ ਬਾਵਜੂਦ ਵੀ ਯਾਤਰੀਆਂ ਲਈ ਕੋਈ ਵੀ ਰਿਜ਼ਰਵੇਸ਼ਨ ਕਾਉਂਟਰ ਉਪਲਬਧ ਨਹੀਂ ਹੈ। ਉਨ੍ਹਾਂ ਪੱਤਰ ਰਾਹੀਂ ਇਹ ਵੀ ਦਸਿਆ ਸੀ ਕਿ ਵਧਦੀ ਅਬਾਦੀ ਅਤੇ ਯਾਤਰੀਆਂ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਮੰਤਰਾਲੇ ਤੋਂ ਖਰੜ ਰੇਲਵੇ ਸਟੇਸ਼ਨ ’ਤੇ ਟ੍ਰੇਨਾਂ ਦੇ ਸਟਾਪੇਜ਼ ਨੂੰ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ ਸੀ। ਖਰੜ ਦੇ ਇਤਿਹਾਸਕ ਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੰਦੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਸੰਸਦ ’ਚ ਅੱਗੇ ਦਸਿਆ ਕਿ ਖਰੜ ਸ਼ਹਿਰ ਦਾ ਇਤਿਹਾਸ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਦਾਦਾਜੀ ਮਹਾਰਾਜਾ ਅੱਜ ਦੇ ਨਾਲ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਦੇ ਨਾਮ ’ਤੇ ਪਵਿੱਤਰ ਤੇ ਪਾਵਨ ਅੱਜ ਸਰੋਵਰ ਵੀ ਬਣਿਆ ਹੋਇਆ ਹੈ।ਇਸੇ ਪਵਿੱਤਰ ਅਸਥਾਨ ’ਤੇ ਸੁੰਦਰ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਖਰੜ ਖੇਤਰ ਵਿਚ ਚੱਪੜਚਿੜੀ ਦਾ ਇਤਿਹਾਸਕ ਸਥਾਨ ਵੀ ਬਣਿਆ ਹੋਇਆ ਹੈ, ਜਿਥੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਸੂਬਾ ਸਰਹਿੰਦ ਦੇ ਮੁਗ਼ਲ ਫੌਜਦਾਰ ਵਜੀਰ ਖਾਨ ਨੂੰ ਮਾਰ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਬਦਲਾ ਲਿਆ ਸੀ।

Related Articles

Leave a Reply

Your email address will not be published. Required fields are marked *

Back to top button