ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪਾਕਿਸਤਾਨ ਆਧਾਰਿਤ ਦੋ ਤਸਕਰ ਕੀਤੇ ਗ੍ਰਿਫ਼ਤਾਰ, ਗਲੋਕ ਪਿਸਤੌਲ ਤੇ 207 ਗ੍ਰਾਮ ਹੈਰੋਇਨ ਬਰਾਮਦ

ਐੱਸਏਐੱਸ ਨਗਰ, 12 ਜੂਨ : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਐੱਸਏਐੱਸ ਨਗਰ ਨੇ ਸਰਹੱਦ ਪਾਰ ਨਾਰਕੋ-ਅੱਤਵਾਦ ਨੈੱਟਵਰਕਾਂ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੀ ਹੈ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਾਰਸ ਪ੍ਰੀਤ ਉਰਫ਼ ਪਾਰਸ ਅਤੇ ਗੁਰਵਿੰਦਰ ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਰਾਜੋਕੇ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਹਨ। ਇਸ ਸੰਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਐੱਸਏਐੱਸ ਨਗਰ ਦੇ ਏ ਆਈ ਜੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪਾਰਸ ਪ੍ਰੀਤ ਸਿੰਘ ਉਰਫ਼ ਪਾਰਸ ਵਾਸੀ ਪਿੰਡ ਰਾਜੋਕੇ, ਪੁਲਿਸ ਸਟੇਸ਼ਨ ਖਾਲੜਾ, ਜ਼ਿਲ੍ਹਾ ਤਰਨਤਾਰਨ ਦੇ ਅਤਿ-ਆਧੁਨਿਕ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਸੂਚਨਾ ਮਿਲੀ ਸੀ ਕਿ ਉਹ ਅਪਰਾਧਿਕ ਪਿਛੋਕੜ ਵਾਲੇ ਆਪਣੇ ਸਾਥੀ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਜੋਕੇ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ ਨਾਲ ਜ਼ੀਰਕਪੁਰ ਖੇਤਰ ਵਿੱਚ ਰਹਿ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਐੱਸਏਐੱਸ ਨਗਰ ਵਿੱਚ ਬੀਐੱਨਐੱਸ ਦੀ ਧਾਰਾ 61(2) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਐੱਸਐੱਸਓਸੀ ਦੀ ਟੀਮ ਵੱਲੋ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਪਟਿਆਲਾ ਰੋਡ, ਜ਼ੀਰਕਪੁਰ ਤੋ ਗ੍ਰਿਫ਼ਤਾਰ ਕੀਤਾ ਗਿਆ। ਮੌਕੇ ‘ਤੇ ਜਾਂਚ ਦੌਰਾਨ ਬਾਦਲ ਕਾਲੋਨੀ, ਜ਼ੀਰਕਪੁਰ ਵਿੱਚ ਕਿਰਾਏ ਦੇ ਮਕਾਨ ਦੀ ਤਲਾਸ਼ੀ ਤੋ ਪੁਲਿਸ ਨੇ ਇੱਕ ਆਧੁਨਿਕ ਗਲੌਕ 9 ਐੱਮ ਐੱਮ ਪਿਸਤੌਲ, 3 ਮੈਗਜ਼ੀਨ ਅਤੇ 207 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਮੁੱਢਲੀ ਜਾਂਚ ਅਤੇ ਪੁੱਛਗਿੱਛ ਤੋ ਇਹ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਅਤੇ ਹਥਿਆਰ ਪਾਕਿਸਤਾਨ-ਆਧਾਰਤ ਹਥਿਆਰਾਂ ਅਤੇ ਨਾਰਕੋ ਤਸਕਰਾਂ ਦੁਆਰਾ ਸੰਭਾਲੇ ਅਤੇ ਸਪਲਾਈ ਕੀਤੇ ਜਾਂਦੇ ਸਨ, ਜੋ ਕਿ ਡਰੋਨ ਆਧਾਰਿਤ ਡਿਲਿਵਰੀ ਵਿਧੀਆਂ ਦੀ ਵਰਤੋ ਕਰਕੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ। ਉਹਨਾਂ ਦੱਸਿਆ ਕਿ ਪਾਰਸ ਪ੍ਰੀਤ ਪਹਿਲਾਂ ਹੀ ਤਰਨਤਾਰਨ ਪੁਲੀਸ ਨੂੰ ਲੋੜੀਂਦਾ ਹੈ। ਪੁਲਿਸ ਨੇ ਉਸ ਦੇ ਨਜ਼ਦੀਕੀ ਸਾਥੀਆਂ, ਸੂਰਜਪਾਲ ਅਤੇ ਅਰਸ਼ਦੀਪ ਨੂੰ ਹਾਲ ਵਿੱਚ ਗ੍ਰਿਫ਼ਤਾਰੀ ਕੀਤਾ ਸੀ ਜਿਨ੍ਹਾਂ ਤੋ ਪੰਜਾਬ ਪੁਲਿਸ ਨੇ ਛੇ ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਏਆਈਜੀ ਨੇ ਦੱਸਿਆ ਕਿ ਸੂਰਜਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ, ਪਾਰਸ ਪ੍ਰੀਤ ਨੇ ਅੱਗੇ ਦੀਆਂ ਕਾਰਵਾਈਆਂ ਦਾ ਕੰਟਰੋਲ ਸੰਭਾਲ ਲਿਆ ਅਤੇ ਪਾਕਿਸਤਾਨ-ਆਧਾਰਤ ਹੈਂਡਲਰਾਂ ਨਾਲ ਸਿੱਧਾ ਸੰਪਰਕ ਸਥਾਪਤ ਕੀਤਾ ਜੋ ਭਾਰਤੀ ਖੇਤਰ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਸੁੱਟਣ ਲਈ ਡਰੋਨ ਦੀ ਵਰਤੋਂ ਕਰ ਰਹੇ ਸਨ। ਉਸ ਦਾ ਸਾਥੀ ਗੁਰਵਿੰਦਰ ਪੰਜਾਬ ਵਿੱਚ ਡਰੋਨ ਦੁਆਰਾ ਸੁੱਟੇ ਗਏ ਹਥਿਆਰਾਂ ਅਤੇ ਹੈਰੋਇਨ ਦੀਆਂ ਖੇਪਾਂ ਦੀ ਪ੍ਰਾਪਤੀ ਲਈ ਤਾਲਮੇਲ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਉਹਨਾਂ ਦੱਸਿਆ ਕਿ ਪਿਛਲੀ ਜਾਂਚ ਦੌਰਾਨ ਆਪਣੀ ਪਛਾਣ ਸਾਹਮਣੇ ਆਉਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ, ਪਾਰਸ ਪ੍ਰੀਤ ਅਤੇ ਗੁਰਵਿੰਦਰ ਨੇ ਆਪਣੇ ਮੂਲ ਪਿੰਡ ਤੋਂ ਫ਼ਰਾਰ ਹੋ ਕੇ ਜ਼ੀਰਕਪੁਰ ਵਿੱਚ ਸ਼ਰਨ ਲਈ ਸੀ, ਜਿੱਥੇ ਉਹ ਗ੍ਰਿਫ਼ਤਾਰੀ ਦੇ ਸਮੇਂ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ। ਉਹਨਾਂ ਦੱਸਿਆ ਕਿ ਐੱਸਐੱਸਓਸੀ, ਐੱਸਏਐੱਸ ਨਗਰ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ।



