
ਰੂਪਨਗਰ, 5 ਅਗਸਤ : ਪਿੰਡ ਭੱਡਲ ਦੇ ਟੀ-ਪੁਆਇੰਟ ਨੇੜੇ ਇਕ ਤੇਜ਼ ਰਫ਼ਤਾਰ ਸਕੂਲੀ ਵੈਨ ਦੀ ਲਪੇਟ ਵਿਚ ਆ ਕੇ ਮੋਟਰਸਾਈਕਲ ਚਲਾਉਣ ਵਾਲਾ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਦਕਿ ਉਸ ਦੇ ਪਿੱਛੇ ਬੈਠੇ ਨੌਜਵਾਨ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਜ਼ਖਮੀ ਦੇ ਬਿਆਨਾਂ ਦੇ ਆਧਾਰ ’ਤੇ ਸਕੂਲ ਵੈਨ ਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਖਮੀ ਰਾਕੇਸ਼ ਕੁਮਾਰ, ਜੋ ਕਿ ਪਿੰਡ ਮੀਆਂਪੁਰ ਦਾ ਵਾਸੀ ਹੈ, ਨੇ ਦੱਸਿਆ ਕਿ ਉਹ ਮੀਆਂਪੁਰ ਵਿਚ ਮੋਟਰਸਾਈਕਲ ਦੀ ਮੁਰੰਮਤ ਦੀ ਦੁਕਾਨ ਚਲਾਉਂਦਾ ਹੈ, ਜਦਕਿ ਉਸ ਦਾ ਭਰਾ ਕੁਲਦੀਪ ਕੁਮਾਰ ਵੀ ਪਿੰਡ ਪੁਰਖਾਲੀ ਵਿਚ ਮੋਟਰਸਾਈਕਲ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਕੁਲਦੀਪ ਕੋਲ ਪ੍ਰਿੰਸ ਪੁੱਤਰ ਰਾਜੇਸ ਵਾਸੀ ਪਿੰਡ ਰਾਮਪੁਰ ਹੈਲਪਰ ਦੇ ਤੌਰ ’ਤੇ ਕੰਮ ਕਰਦਾ ਹੈ। ਬੀਤੇ ਦਿਨ ਉਹ ਕਿਸੇ ਕੰਮ ਆਪਣੇ ਭਰਾ ਦੀ ਦੁਕਾਨ ’ਤੇ ਗਿਆ ਤਾਂ ਵਾਪਸ ਆਉਂਦੇ ਹੋਏ ਪ੍ਰਿੰਸ ਵੀ ਉਸਦੇ ਨਾਲ ਆ ਗਿਆ। ਰਾਕੇਸ਼ ਨੇ ਦੱਸਿਆ ਕਿ ਉਹ ਦੋਵੇਂ ਮੋਟਰਸਾਈਕਲ ’ਤੇ ਮੀਆਂਪੁਰ ਵਾਪਸ ਆ ਰਹੇ ਸਨ ਅਤੇ ਜਦੋਂ ਉਹ ਟੀ-ਪੁਆਇੰਟ ਭੱਡਲ ਨੇੜੇ ਪਹੁੰਚੇ, ਤਾਂ ਮੀਆਂਪੁਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਸਕੂਲ ਵੈਨ (ਪੀਬੀ-65 ਏਬੀ-2666) ਦੇ ਚਾਲਕ ਨੇ ਲਾਪਰਵਾਹੀ ਨਾਲ ਵੈਨ ਚਲਾਉਂਦੇ ਹੋਏ ਉਨ੍ਹਾਂ ਦੀ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਮੋਟਰਸਾਈਕਲ ਉਲਟ ਗਿਆ, ਜਦਕਿ ਰਾਕੇਸ਼ ਸੜਕ ਦੇ ਕਿਨਾਰੇ ਡਿੱਗ ਗਿਆ ਅਤੇ ਪ੍ਰਿੰਸ ਸੜਕ ਵੱਲ ਡਿੱਗ ਕੇ ਵੈਨ ਦੇ ਹੇਠਾਂ ਆ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਦੌਰਾਨ, ਵੈਨ ਦਾ ਵੀ ਸੰਤੁਲਨ ਵਿਗੜ ਗਿਆ ਤੇ ਉਹ ਇਕ ਦਰੱਖਤ ਨਾਲ ਟੱਕਰਾ ਗਈ। ਹਾਦਸੇ ਦੇ ਬਾਅਦ ਵੈਨ ਚਾਲਕ ਉਨ੍ਹਾਂ ਕੋਲ ਆਇਆ ਅਤੇ ਕਿਸੇ ਪ੍ਰਾਈਵੇਟ ਵਾਹਨ ਰਾਹੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਪਰ ਜ਼ਖਮੀ ਪ੍ਰਿੰਸ ਨੂੰ ਬਚਾਇਆ ਨਹੀਂ ਜਾ ਸਕਿਆ। ਜਾਂਚ ਅਧਿਕਾਰੀ ਅਤੇ ਪੁਰਖਾਲੀ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ, ਜਦਕਿ ਸਕੂਲ ਵੈਨ ਦੇ ਚਾਲਕ ਹਰਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



