
ਬਾਲ ਕਿਸ਼ਨ
ਫਿਰੋਜ਼ਪੁਰ, 15 ਮਈ- ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਸ਼ਿਕੰਜ਼ਾ ਕੱਸਿਆ ਹੋਇਆ ਹੈ। ਇਸ ਦੇ ਚੱਲਦੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 5220 ਲੀਟਰ ਨਾਜਾਇਜ਼ ਸ਼ਰਾਬ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 9 ਲੋਕਾਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਐੱਚਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਸਾਥੀਆਂ ਦੇ ਸਰਚ ਅਪ੍ਰੇਸ਼ਨ ਦੌਰਾਨ ਦੋਸ਼ੀ ਮਲਕਤੀ ਸਿੰਘ ਉਰਫ ਦਰਜੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਝੁੱਗੇ ਨਿਹੰਗਾ ਵਾਲੇ ਦੇ ਘਰ ਸਰਚ ਦੌਰਾਨ 500 ਲੀਟਰ ਲਾਹਣ ਬਰਾਮਦ ਹੋਈ ਹੈ। ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਸਾਥੀਆਂ ਦੇ ਸਰਚ ਅਪਰੇਸ਼ਨ ਦੌਰਾਨ ਦੋਸ਼ੀ ਇੰਟੂ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਝੁੱਗੇ ਨਿਹੰਗਾਂ ਵਾਲੇ ਦੇ ਘਰ ਸਰਚ ਦੌਰਾਨ 2000 ਲੀਟਰ ਲਾਹਣ ਬਰਾਮਦ ਹੋਈ ਹੈ। ਥਾਣਾ ਸਦਰ ਦੇ ਹੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀਆਂ ਦੇ ਸਰਚ ਅਪ੍ਰੇਸ਼ਨ ਦੌਰਾਨ ਦੋਸ਼ੀ ਗੁਰਮੇਜ ਸਿੰਘ ਉਰਫ ਗੇਜੀ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਝੁੱਗੇ ਨਿਹੰਗਾਂ ਵਾਲੇ ਦੇ ਘਰ ਸਰਚ ਕਰਨ ’ਤੇ 1000 ਲੀਟਰ ਲਾਹਣ ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਦੇ ਐੱਸਆਈ ਤਰਸੇਮ ਸ਼ਰਮਾ ਨੇ ਦੱਸਿਆ ਕਿ ਉਹ ਸਮੇਤ ਸਾਥੀਆਂ ਦੇ ਸਰਚ ਅਪ੍ਰੇਸ਼ਨ ਦੌਰਾਨ ਗੁਰਮੀਤੋ ਪਤਨੀ ਸ਼ਾਮਾ ਵਾਸੀ ਪਿੰਡ ਝੁੱਗੇ ਨਿਹੰਗਾਂ ਵਾਲੇ ਦੇ ਘਰ ਸਰਚ ਕਰਨ ’ਤੇ 1500 ਲੀਟਰ ਲਾਹਣ ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਦੇ ਹੀ ਐੱਚ ਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰੀ ਮਿਲਣ ’ਤੇ ਪ੍ਰੀਤ ਸਿੰਘ ਉਰਫ ਬਿੱਟੂ ਉਰਫ ਗਿਰੀ ਪੁੱਤਰ ਲਾਭ ਸਿੰਘ, ਅਨੂਪਾ ਪੁੱਤਰ ਨਰੈਣ ਸਿੰਘ, ਇੰਟੂ ਪੁੱਤਰ ਬਲਵੰਤ ਸਿੰਘ, ਮਲਕੀਤ ਉਰਫ ਕੀਤੂ ਪੁੱਤਰ ਮੁਖਤਿਆਰ ਸਿੰਘ ਪਿੰਡ ਝੁੱਗੇ ਨਿਹੰਗਾਂ ਵਾਲੇ ਖੇਤਾਂ ਵਿਚੋਂ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਗੁਰੂਹਰਸਹਾਏ ਪੁਲਿਸ ਦੇ ਸਹਾਇਕ ਥਾਣੇਦਾਰ ਸਾਹਿਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਕੁਟੀ ਮੋੜ ਗੁਰੂਹਰਸਹਾਏ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੁੱਲਾ ਪੁੱਤਰ ਆਸ਼ਕ ਰਾਮ ਵਾਸੀ ਬੀੜ ਹਰਬੰਸਪੁਰਾ ਸ਼ਰਾਬ ਨਾਜਾਇਜ਼ ਕਸੀਦ ਕਰਕੇ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਨਾਜਾਇਜ਼ ਸ਼ਰਾਬ ਕਸੀਦ ਕਰਨ ਦੀ ਤਿਆਰੀ ਕਰ ਰਿਹਾ ਹੈ। ਜੇਕਰ ਉਸ ਦੇ ਘਰ ਵਿਚ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਹੋ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਤਾਂ 220 ਲੀਟਰ ਲਾਹਣ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ ਜਿੰਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।



