
ਲੁਧਿਆਣਾ, 30 ਮਾਰਚ-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਤਜਰਬਾ ਸਿੱਖਿਆ ਪ੍ਰਾਜੈਕਟ ਤਹਿਤ 45 ਲੱਖ ਰੁਪਏ ਦੀ ਵਿੱਤੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸ ਰਾਸ਼ੀ ਨਾਲ ਯੂਨੀਵਰਸਿਟੀ ਦਾ ਵੈਟਰਨਰੀ ਪ੍ਰਸੂਤੀ ਵਿਭਾਗ ਕੁੱਤਿਆਂ ’ਚ ਮਸਨੂਈ ਗਰਭਦਾਨ ਪ੍ਰਾਜੈਕਟ ਤਹਿਤ ਖੋਜ ਤੇ ਵਿਹਾਰਕ ਕਾਰਜ ਕਰੇਗਾ। ਯੂਨੀਵਰਸਿਟੀ ਦੇ ਇਸ ਵਿਭਾਗ ਵਿੱਚ ਅਧਿਆਪਕਾਂ ਦੀ ਸਿਖਲਾਈ ਸਬੰਧੀ ਉਤਮਤਾ ਕੇਂਦਰ ਵੀ ਸਥਾਪਿਤ ਹੈ ਜੋ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪਸ਼ੂ ਪ੍ਰਜਣਨ ਵਿਸ਼ੇ ਸਬੰਧੀ ਪ੍ਰਦਾਨ ਕੀਤਾ ਗਿਆ ਸੀ। ਡਾ. ਮਿਰਗੰਕ ਹੋਨਪਾਰਖੇ, ਵਿਭਾਗ ਮੁਖੀ ਅਤੇ ਇਸ ਪ੍ਰਾਜੈਕਟ ਟੀਮ ਦੇ ਆਗੂ ਨੇ ਦੱਸਿਆ ਕਿ ਸਾਨੂੰ ਪਾਲਤੂ ਕੁੱਤਿਆਂ ਦੇ ਮਾਲਕਾਂ ਅਤੇ ਇਸ ਖੇਤਰ ਦੇ ਪੇਸ਼ੇਵਰਾਂ ਨੇ ਵਿਭਿੰਨ ਮੌਕਿਆਂ ’ਤੇ ਇਹ ਮੰਗ ਰੱਖੀ ਸੀ ਕਿ ਕੁੱਤਿਆਂ ਵਿੱਚ ਬਿਹਤਰ ਨਸਲ ਲਈ ਮਸਨੂਈ ਗਰਭਦਾਨ ਦੀ ਬਹੁਤ ਲੋੜ ਹੈ। ਇਸ ਵਿਭਾਗ ਨੇ ਇਸ ਕਾਰਜ ਦੇ ਲਈ ਪਹਿਲਾਂ ਹੀ ਕਾਫੀ ਖੋਜ ਅਤੇ ਮਿਆਰੀਕਰਨ ਕੀਤਾ ਹੋਇਆ ਹੈ। ਇਹ ਵਿੱਤੀ ਰਾਸ਼ੀ ਯੂਨੀਵਰਸਿਟੀ ਵਿਖੇ ਕੁੱਤਿਆਂ ਦੇ ਵੀਰਜ ਦਾ ਉੱਚ ਦਰਜੇ ਦਾ ਬੈਂਕ ਬਨਾਉਣ ਸੰਬਧੀ ਕੰਮ ਆਵੇਗੀ ਜੋ ਕਿ ਮੁਲਕ ਵਿੱਚ ਇਸ ਕਿਸਮ ਦਾ ਪਹਿਲਾ ਬੈਂਕ ਹੋਵੇਗਾ। ਇਸ ਬੈਂਕ ਵਿੱਚ ਆਮ ਤੇ ਵਿਸ਼ੇਸ਼ ਹਰ ਕਿਸਮ ਦੇ ਕੁੱਤਿਆਂ ਦਾ ਵੀਰਜ ਪ੍ਰਜਣਨ ਮੰਤਵ ਵਾਸਤੇ ਰੱਖਿਆ ਜਾਵੇਗਾ। ਡਾ. ਜਤਿੰਦਰਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਸ਼ੂਧਨ ਤੇ ਪਾਲਤੂਆਂ ਦੇ ਮਾਲਕਾਂ ਦੀ ਸਹੂਲਤ ਹਿੱਤ ਵੱਧ ਤੋਂ ਵੱਧ ਸੇਵਾਵਾਂ ਵਿਕਸਿਤ ਕੀਤੀਆਂ ਜਾਣਗੀਆਂ। ਇਸ ਨਾਲ ਵਿਦਿਆਰਥੀਆਂ ਦੇ ਗਿਆਨ ’ਚ ਵੀ ਵਾਧਾ ਹੋਵੇਗਾ। ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਤੇ ਇਸ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਨੇ ਇਸ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਿਵੇਕਲੇ ਕਾਰਜ ਨਾਲ ਜਿੱਥੇ ਵਿਦਿਆਰਥੀ ਨਵੇਂ ਗਿਆਨ ਦੇ ਰੂ-ਬ-ਰੂ ਹੋਣਗੇ ਉਥੇ ਉਹ ਪਾਲਤੂ ਕੁੱਤਿਆਂ ਸੰਬੰਧੀ ਮਸਨੂਈ ਗਰਭਦਾਨ ਦੀ ਵਿਧੀ ਦਾ ਹੁਨਰ ਵੀ ਸਿੱਖ ਸਕਣਗੇ।



