
ਸ੍ਰੀ ਚਮਕੌਰ ਸਾਹਿਬ, 2 ਜਨਵਰੀ : ਜ਼ਿਲ੍ਹਾ ਰੂਪਨਗਰ ਦੇ ਪਿੰਡ ਅਮਰਾਲੀ ਦੀ ਵੇਰਕਾ ਮਿਲਕ ਪਲਾਂਟ ਮੋਹਾਲੀ ਨਾਲ ਸਬੰਧਤ ਡੇਅਰੀ ਨੂੰ ਪਲਾਂਟ ਦੇ ਅਧਿਕਾਰੀਆਂ ਵੱਲੋਂ ਬੰਦ ਕਰਨ ਦੇ ਹੁਕਮਾਂ ਤੋਂ ਬਾਅਦ ਪਿੰਡ ਦੇ ਪਸ਼ੂਪਾਲਕਾਂ ਅਤੇ ਦੁੱਧ ਉਤਪਾਦਕਾਂ ’ਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਇਸ ਦੌਰਾਨ ਦੁੱਧ ਉਤਪਾਦਕਾਂ ਦਾ ਸਵੇਰੇ ਕਰੀਬ 7 ਕੁਇੰਟਲ ਦੁੱਧ ਖਰਾਬ ਹੋ ਗਿਆ। ਇਹ ਡੇਅਰੀ ਬੰਦ ਹੋਣ ਦੇ ਕਾਰਨ ਪ੍ਰੇਸ਼ਾਨ ਪਸ਼ੂ ਪਾਲਕਾਂ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਜੀਐੱਮ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਤੇ ਪਸ਼ੂਪਾਲਕਾਂ ਡਾ.ਗੁਰਦੀਪ ਸਿੰਘ, ਦਰਸ਼ਨ ਸਿੰਘ ਸੰਧੂ, ਅਮਰੀਕ ਸਿੰਘ, ਰਾਜਿੰਦਰ ਸਿੰਘ ਅਤੇ ਸਕੱਤਰ ਹਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਵੇਰਕਾ ਪਲਾਂਟ ਨਾਲ ਸਬੰਧਿਤ 2 ਡੇਅਰੀਆਂ ਹਨ। ਉਨ੍ਹਾਂ ਦੱਸਿਆ ਕਿ ਦੀ ਅਮਰਾਲੀ ਦੁੱਧ ਉਤਪਾਦਕ ਸਹਿਕਾਰੀ ਸਭਾ (ਜਨਰਲ) ਪਿਛਲੇ 25-30 ਸਾਲ ਤੋਂ ਕੰਮ ਕਰ ਰਹੀ ਹੈ, ਵਿਚ ਰੋਜ਼ਾਨਾ 3-4 ਕੁਇੰਟਲ ਦੁੱਧ ਇਕੱਤਰ ਹੁੰਦਾ ਹੈ, ਜਦਕਿ ਦੂਜੀ ਦੀ ਅਮਰਾਲੀ ਲੇਡੀਜ਼ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ (ਔਰਤਾਂ) ਲਈ ਹੈ ਜੋ ਕਿ 1 ਨਵੰਬਰ, 2025 ਤੋਂ ਕੰਮ ਕਰ ਰਹੀ ਸੀ, ਜਿਸ ਦੇ ਲਗਭਗ 52 ਐਕਟਿਵ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਇਸ ਡੇਅਰੀ ਵਿਚ ਰੋਜ਼ਾਨਾ ਲਗਭਗ 13-14 ਕੁਇੰਟਲ ਦੁੱਧ ਇਕੱਤਰ ਕਰਕੇ ਮਿਲਕ ਪਲਾਂਟ ਮੋਹਾਲੀ ਭੇਜਿਆ ਜਾਂਦਾ ਸੀ ਪ੍ਰੰਤੂ 31 ਦਸੰਬਰ ਨੂੰ ਅਚਾਨਕ ਸੁਸਾਇਟੀ ਦੇ ਸਕੱਤਰ ਹਰਮਨਦੀਪ ਸਿੰਘ ਨੂੰ ਮਿਲਕ ਪਲਾਂਟ ਮੋਹਾਲੀ ਦੇ ਐੱਮਪੀਐੱਸ ਰਜਿੰਦਰ ਸਿੰਘ ਵੱਲੋਂ ਫੋਨ ਰਾਹੀਂ 1 ਜਨਵਰੀ ਤੋ ਦੁੱਧ ਨਹੀਂ ਲੈਣ ਬਾਰੇ ਕਿਹਾ ਗਿਆ। ਇਸ ਦੇ ਕਾਰਨ 1 ਜਨਵਰੀ ਨੂੰ ਸਵੇਰੇ ਇਸ ਡੇਅਰੀ ਵਿਚ ਇਕੱਤਰ ਹੋਇਆ ਕਰੀਬ 7 ਕੁਇੰਟਲ ਦੁੱਧ ਪ੍ਰਾਈਵੇਟ ਖਰੀਦਦਾਰਾਂ ਨੂੰ ਵੇਚਣਾ ਪਿਆ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਚੋਣਾਂ ਪਹਿਲਾਂ ਵੀ ਹੁੰਦੀਆਂ ਆ ਰਹੀਆਂ ਹਨ, ਜਿਨਾਂ ਵਿਚ ਇੱਕ ਧਿਰ ਦੀ ਜਿੱਤ ਤੇ ਦੂਜੀ ਦੀ ਹਾਰ ਹੁੰਦੀ ਰਹੀ ਹੈ ਪ੍ਰੰਤੂ ਬਲਾਕ ਸੰਮਤੀ ਚੋਣਾਂ ਵਿਚ ਆਪ ਉਮੀਦਵਾਰਾਂ ਦੀ ਹਾਰ ਆਪ ਆਗੂਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਹੈ। ਇਸ ਦੇ ਕਾਰਨ ਹੀ ਬੁਖਲਾਹਟ ਵਿਚ ਆ ਕੇ ਉਨ੍ਹਾਂ ਵੱਲੋਂ ਆਪਣੇ ਰਾਜਸੀ ਆਕਾਵਾਂ ਰਾਹੀਂ ਪਿੰਡ ਦੀ ਡੇਅਰੀ ਨੂੰ ਬੰਦ ਕਰਵਾਣ ਤੇ ਜੁੜੇ ਛੋਟੇ ਦੁੱਧ ਉਤਪਾਦਕਾਂ ਦੇ ਚੁੱਲੇ ਬੰਦ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਜੋ ਅਧਿਕਾਰੀ ਰਾਜਨੀਤਿਕ ਦਬਾਅ ਹੇਠ ਇਸ ਡੇਅਰੀ ਨਾਲ ਜੁੜੇ ਦੁੱਧ ਉਤਪਾਦਕਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਡਾਇਰੈਕਟਰ ਬੰਤ ਸਿੰਘ ਕਲਾਰਾਂ ਨੇ ਕਿਹਾ ਕਿ ਇਹ ਪਿੰਡ ਦੀ ਵੱਡੀ ਸੋਸਾਇਟੀ ਹੈ, ਜਿੱਥੇ ਪਸ਼ੂਪਾਲਕਾਂ/ ਦੁੱਧ ਉਤਪਾਦਕਾਂ ਵੱਲੋਂ ਰੋਜ਼ਾਨਾ 1,400 ਲੀਟਰ ਦੁੱਧ ਪਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਚੋਣਾਂ ਵਿਚ ਮਿਲੀ ਹਾਰ ਕਾਰਨ ਆਪ ਸਰਕਾਰ ਪਿੰਡ ਦੀ ਡੇਅਰੀ ਬੰਦ ਕਰਕੇ ਸਰਕਾਰੀ ਸਹਿਕਾਰਤਾ ਲਹਿਰ ਦਾ ਖਾਤਮਾ ਕਰਨ ਵੱਲ ਵਧ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਅਮਰਾਲੀ ਦੀ ਇਸ ਡੇਅਰੀ ਨੂੰ ਬੰਦ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਡੇਅਰੀ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ ਨਹੀਂ ਤਾਂ ਸਮੂਹ ਦੁੱਧ ਉਤਪਾਦਕ ਤੇ ਕਿਸਾਨ ਸੜਕਾਂ ’ਤੇ ਆਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਡੇਅਰੀ ਨੂੰ ਬੰਦ ਕਰਨ ਨਾਲ ਪ੍ਰੇਸ਼ਾਨ ਦੁੱਧ ਉਤਪਾਦਕ ਪ੍ਰਾਈਵੇਟ ਡੇਅਰੀਆਂ ਨੂੰ ਦੁੱਧ ਸਪਲਾਈ ਕਰਨ ਲਈ ਮਜ਼ਬੂਰ ਹੋਣਗੇ। ਇਸ ਦੇ ਨਾਲ ਵੇਰਕਾ ਮਿਲਕ ਪਲਾਂਟ ਮੋਹਾਲੀ ਤੇ ਮਿਲਕਫੈੱਡ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ। ਜਦੋਂ ਇਸ ਡੇਅਰੀ ਨੂੰ ਬੰਦ ਕਰਨ ਸਬੰਧੀ ਮਿਲਕ ਮੈਨੇਜਰ ਪ੍ਰਕਿਉਰਮੈਂਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ। ਇਸ ਦੌਰਾਨ ਐੱਮਪੀਐੱਸ ਰਜਿੰਦਰ ਸਿੰਘ ਨੇ ਦੱਸਿਆ ਕਿ ਮਿਲਕ ਪਲਾਂਟ ਦੇ ਉੱਚ ਅਧਿਕਾਰੀਆਂ ਦੇ ਆਦੇਸ਼ ਹੀ ਸਕੱਤਰ ਨੂੰ ਦੱਸੇ ਗਏ ਹਨ ਪ੍ਰੰਤੂ ਉਨਾਂ ਇਸ ਮਾਮਲੇ ਵਿਚ ਹੋਰ ਕੁਝ ਵੀ ਦੱਸਣ ਤੋਂ ਟਾਲਾ ਵੱਟ ਲਿਆ।



