
ਫ਼ਿਰੋਜ਼ਪੁਰ, 10 ਮਾਰਚ- ਸਿਵਲ ਸਰਜਨ ਡਾ ਰਾਜਵਿੰਦਰ ਕੌਰ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿੱਖੇ ਆਮ ਲੋਕਾਂ ਵਿੱਚ ਵੱਧ ਰਹੀ ਕਾਲਾ ਮੋਤੀਆ ਬਿਮਾਰੀ ਤੋਂ ਬਚਾਓ ਲਈ ਜਾਗਰੂਕ ਕਰਨ ਦੇ ਮਨੋਰਥ ਨਾਲ ‘ਵਿਸ਼ਵ ਗਲੋਕੋਮਾ ਹਫ਼ਤਾ‘ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਗਲੋਕੋਮਾ ਦੇ ਲੱਛਣ ਅਸਧਾਰਨ ਸਿਰ ਦਰਦ, ਅੱਖਾਂ ਵਿੱਚ ਦਰਦ, ਪੜ੍ਹਨ ਵਾਲੀ ਐਨਕਾਂ ਦਾ ਵਾਰ ਵਾਰ ਬਦਲਣਾ, ਰੌਸ਼ਨੀ ਵੱਲ ਵੇਖਣ ਦੌਰਾਨ ਪਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ, ਦ੍ਰਿਸ਼ਟੀ ਦੇ ਖੇਤਰ ਦਾ ਸੀਮਤ ਹੋਣਾ ਆਦਿ ਹਨ। ਇਸ ਮੌਕੇ ਅਪਥੈਲਮਿਕ ਅਫ਼ਸਰ ਆਸ਼ੂ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ੂਗਰ ਅਤੇ ਹਾਈ ਬਲੱਡ ਪਰੈਸ਼ਰ ਬਿਮਾਰੀ ਨਾਲ ਪੀੜਤ ਮਰੀਜ਼, ਅਲਰਜੀ, ਦਮਾਂ, ਚਮੜੀ ਰੋਗਾਂ ਦੇ ਪੀੜਤ ਜੋਂ ਸਟੀਰਾਈਡ ਦੀ ਵਰਤੋਂ ਕਰਦੇ ਹਨ, ਕਾਲਾ ਮੋਤੀਆ ਬਿਮਾਰੀ ਦੇ ਜਲਦੀ ਸ਼ਿਕਾਰ ਹੋ ਸਕਦੇ ਹਨ। ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਆਪਣੇਂ ਸੰਬੋਧਨ ਵਿੱਚ ਦੱਸਿਆ ਕਿ ਭਾਰਤ ਵਿੱਚ ਕਾਲਾ ਮੋਤੀਆ (ਗਲੋਕੋਮਾ) ਸਥਾਈ ਅੰਨ੍ਹੇਪਣ ਦੇ ਕਾਰਨਾਂ ਵਿੱਚੋਂ ਇੱਕ ਮੁੱਖ ਕਾਰਣ ਹੈ। ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ਤੇ ਆਪਣੀ ਅੱਖਾਂ ਦਾ ਦਬਾਅ (ਪਰੈਸ਼ਰ) ਤੁਰੰਤ ਚੈੱਕ ਕਰਵਾਉਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ 15 ਮਾਰਚ ਤੱਕ ਸਾਰੇ ਜਿਲ੍ਹਾ ਹਸਪਤਾਲਾਂ, ਸਬ ਡਵੀਜਨ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕਾਲੇ ਮੋਤੀਏ ਦੇ ਮੁਫ਼ਤ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਸਾਰੇ ਸ਼ਕੀ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਹਨਾਂ ਕੈਂਪਾਂ ਦਾ ਲਾਭ ਲੈਣਾ ਚਾਹੀਦਾ ਹੈ।



