ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 11 ਜੁਲਾਈ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ’ਤੇ ਸਜ਼ਾ ਕੀ ਹੋਵੇ? ਇਸ ਨਤੀਜੇ ’ਤੇ ਨਾ ਪਹੁੰਚਣ ਕਾਰਨ ਸਰਕਾਰ ਨੇ ਹੁਣ ਇਸ ਗੇਂਦ ਨੂੰ ਆਮ ਲੋਕਾਂ, ਸਬੰਧਤ ਧਿਰਾਂ ਅਤੇ ਧਾਰਮਿਕ ਆਗੂਆਂ ਦੇ ਪਾਲੇ ਵਿਚ ਧੱਕ ਦਿੱਤਾ ਹੈ। ਵੀਰਵਾਰ ਨੂੰ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਸ਼ੁੱਕਰਵਾਰ ਨੂੰ ਸਿਰਫ਼ ਬਿੱਲ ਵਿਧਾਨ ਸਭਾ ਦੀ ਮੇਜ਼ ’ਤੇ ਰੱਖੇਗੀ। ਇਸ ਤੋਂ ਬਾਅਦ ਇਸ ਨੂੰ ਵਿਧਾਨ ਸਭਾ ਦੀ ਕੰਸਲਟੇਟਿਵ ਕਮੇਟੀ ਨੂੰ ਸੌਂਪ ਕੇ ਸਾਰੀਆਂ ਧਿਰਾਂ ਦੀ ਰਾਏ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਬਿੱਲ ਕਾਫੀ ਵੱਡਾ ਹੈ ਅਤੇ ਇਸ ਦੇ ਦੂਰਗਾਮੀ ਪ੍ਰਭਾਵ ਹੋਣਗੇ, ਇਸ ਲਈ ਸਰਕਾਰ ਇਸ ਨੂੰ ਕਾਹਲੀ ਵਿਚ ਪਾਸ ਨਹੀਂ ਕਰਵਾਉਣਾ ਚਾਹੁੰਦੀ। ਅਸੀਂ ਸਾਰੇ ਧਰਮਾਂ ਦੇ ਆਗੂਆਂ, ਆਮ ਲੋਕਾਂ ਆਦਿ ਦੀ ਰਾਇ ਲਵਾਂਗੇ ਅਤੇ ਉਨ੍ਹਾਂ ਤੋਂ ਪੁੱਛਾਂਗੇ ਇਸ ਵਿਚ ਕੀ ਸੋਧ ਹੋਣੀ ਚਾਹੀਦੀ ਹੈ। ਮਾਨ ਨੇ ਇਹ ਜ਼ਰੂਰ ਕਿਹਾ ਕਿ ਬੇਅਦਬੀ ’ਤੇ ਭਾਰਤੀ ਨਿਆਂ ਸੰਹਿਤਾ ਵਿਚ ਕੋਈ ਧਾਰਾ ਜੋੜ ਕੇ ਸਜ਼ਾ ਵਧਾਉਣ ਦੀ ਤਜਵੀਜ਼ ਕਰਨ ਦੀ ਬਜਾਏ ਸਰਕਾਰ ਸੂਬੇ ਦਾ ਆਪਣਾ ਕਾਨੂੰਨ ਬਣਾਏਗੀ। ਦਿਲਚਸਪ ਗੱਲ ਇਹ ਹੈ ਕਿ ਵਾਰ-ਵਾਰ ਪੁੱਛਣ ’ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਆਪਣੇ ਵੱਲੋਂ ਬਿੱਲ ਵਿਚ ਸਜ਼ਾ ਦੀ ਕੀ ਤਜਵੀਜ਼ ਕਰਨ ਜਾ ਰਹੀ ਹੈ? ਮੁੱਖ ਮੰਤਰੀ ਨੇ ਸਿਰਫ਼ ਇੰਨਾ ਕਿਹਾ, ਤੁਹਾਨੂੰ ਸਵੇਰੇ ਬਿੱਲ ਮਿਲ ਜਾਵੇਗਾ, ਜਿਸ ਵਿਚ ਇਕ-ਇਕ ਚੀਜ਼ ਲਿਖੀ ਹੋਵੇਗੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਗ਼ੈਰ-ਰਸਮੀ ਗੱਲਬਾਤ ਵਿਚ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ’ਤੇ ਮੌਤ ਦੀ ਸਜ਼ਾ, ਬਹੁਤ ਸਖ਼ਤ ਹੋਵੇਗੀ। ਇਸ ਦੀ ਦੁਰਵਰਤੋਂ ਹੋਣ ਦਾ ਖ਼ਦਸ਼ਾ ਹੈ, ਜਿਵੇਂ ਦਾਜ ਦੇ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ, ਫਿਰ ਵੀ ਅਸੀਂ ਲੋਕਾਂ ਦੀ ਰਾਇ ਤੋਂ ਬਾਅਦ ਹੀ ਕੋਈ ਫ਼ੈਸਲਾ ਲਵਾਂਗੇ।
ਕੈਬਨਿਟ ’ਚ ਨਹੀਂ ਆਇਆ ਬਿੱਲ, ਕੱਲ੍ਹ ਫਿਰ ਕੈਬਨਿਟ ਮੀਟਿੰਗ ਹੋਣ ਦੀ ਸੰਭਾਵਨਾ
ਸੂਤਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਵਿਚ ਇਸ ਬਿੱਲ ਸਬੰਧੀ ਆਪਣੀ ਰਾਇ ਰੱਖੀ ਹੈ ਪਰ ਵੀਰਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਵਿਚ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਕਿਉਂਕਿ ਇਹ ਬਿੱਲ ਹਾਲੇ ਕੈਬਨਿਟ ਵਿਚ ਹੀ ਪੇਸ਼ ਨਹੀਂ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਕੱਲ੍ਹ ਇਕ ਵਾਰ ਫਿਰ ਤੋਂ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਨੂੰ ਮਨਜ਼ੂਰੀ ਦਿੱਤੀ ਜਾਵੇ। ਜੇਕਰ ਅਜਿਹਾ ਨਹੀਂ ਹੋਇਆ ਤਾਂ ਵਿਧਾਨ ਸਬਾ ਸੈਸ਼ਨ ਨੂੰ ਸੋਮਵਾਰ ਤੱਕ ਲਈ ਵਧਾਇਆ ਵੀ ਜਾ ਸਕਦਾ ਹੈ।
ਫੂਕ-ਫੂਕ ਕੇ ਕਦਮ ਰੱਖ ਰਹੀ ਹੈ ਸਰਕਾਰ
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਪੰਜਾਬ ਵਿਚ ਇਕ ਸੰਵੇਦਨਸ਼ੀਲ ਮੁੱਦਾ ਰਿਹਾ ਹੈ। ਅਕਤੂਬਰ 2015 ਵਿਚ ਬਰਗਾੜੀ ਦੇ ਪਿੰਡ ਬੁਰਜ ਜਵਾਹਰ ਵਿਚ ਹੋਈ ਬੇਅਦਬੀ ਦੀ ਘਟਨਾ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਇਸ ਦੇ ਵਿਰੋਧ ’ਚ ਧਰਨੇ ਦੇ ਰਹੇ ਲੋਕਾਂ ’ਤੇ ਫਾਇਰਿੰਗ ਵਿਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਜਨਤਾ ਦੇ ਗੁੱਸੇ ਦੇ ਕਾਰਨ 2017 ਵਿਚ ਹੋਈਆਂ ਆਮ ਚੋਣਾਂ ਵਿਚ ਅਕਾਲੀ-ਭਾਜਪਾ ਸਰਕਾਰ ਨੂੰ ਇਸ ਦਾ ਖਮਿਆਜਾ ਭੁਗਤਣਾ ਪਿਆ। ਦੋ ਵਾਰ ਤੋਂ ਲਗਾਤਾਰ ਸੱਤਾ ਵਿਚ ਰਹਿਣ ਵਾਲਾ ਅਕਾਲੀ ਦਲ ਸਿਰਫ਼ 15 ਸੀਟਾਂ ’ਤੇ ਸਿਮਟ ਗਿਾ। ਮੰਨਿਆ ਜਾ ਰਿਹਾ ਹੈ ਕਿ ਸੂਬੇ ਵਿਚ ਹਾਲੇ ਵੀ ਗੁੱਸਾ ਬਰਕਰਾਰ ਹੈ। ਇਸੇ ਕਾਰਨ ਸਰਕਾਰ ਇਸ ਮਾਮਲੇ ਨੂੰ ਲੈ ਕੇ ਫੂਕ-ਫੂਕ ਕੇ ਕਦਮ ਰੱਖ ਰਹੀ ਹੈ। ਹਾਲਾਂਕਿ ਇਸ ਵਿਚਾਲੇ ਅਕਾਲੀ-ਭਾਜਪਾ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦੀ ਤਜਵੀਜ਼ ਕਰਨ ਵਾਲਾ ਬਿੱਲ ਪਾਸ ਕੀਤਾ ਪਰ ਕੇਂਦਰ ਸਰਕਾਰ ਨੇ ਉਸ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਇਸ ਵਿਚ ਹੋਰ ਗ੍ਰੰਥਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2018 ਵਿਚ ਇਸੇ ਬਿੱਲ ਵਿਚ ਸੋਧ ਕਰਦੇ ਹੋਏ ਸਾਰੇ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ’ਤੇ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਕੀਤੀ ਪਰ ਪੰਜ ਸਾਲ ਤੱਕ ਇਹ ਪਾਸ ਨਹੀਂ ਕੀਤਾ ਗਿਆ। 2023 ਵਿਚ ਕੇਂਦਰ ਸਰਕਾਰ ਨੇ ਇਸ ਨੂੰ ਇਹ ਕਹਿੰਦੇ ਹੋਏ ਵਾਪਸ ਕਰ ਦਿੱਤਾ ਕਿ ਆਈਪੀਸੀ ਦੀ ਜਗ੍ਹਾ ਬੀਐੱਨਐੱਸ ਦੀ ਰੋਸ਼ਨੀ ਵਿਚ ਪਾਸ ਕੀਤਾ ਜਾਵੇ ਪਰ ਹੁਣ ਸਰਕਾਰ ਆਪਣਾ ਬਿੱਲ ਲਿਆਉਣ ਜਾ ਰਹੀ ਹੈ।
URL Copied