
ਜਲੰਧਰ, 30 ਮਈ- ਭ੍ਰਿਸ਼ਟਾਚਾਰ ਦੇ ਮਾਮਲੇ ’ਚ ਫਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ 5 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਨੇ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਰਮਨ ਅਰੋੜਾ ਨੂੰ ਚਾਰ ਦਿਨਾਂ ਦੇ ਲਈ ਫਿਰ ਤੋਂ ਪੁਲਿਸ ਰਿਮਾਂਡ ਵਿਚ ਵਿਜੀਲੈਂਸ ਨੇ ਹਵਾਲੇ ਕਰ ਦਿੱਤਾ ਹਾਲਾਂਕਿ ਵਿਜੀਲੈਂਸ ਨੇ 7 ਦਿਨਾਂ ਦਾ ਰਿਮਾਂਡ ਮੰਗਿਆ। ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਅਦਾਲਤ ’ਚ ਦਲੀਲਾਂ ਪੇਸ਼ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਨੇ ਕਿਹਾ ਕਿ ਰਮਨ ਅਰੋੜਾ ਦੇ ਵਕੀਲ ਵੱਲੋਂ ਅਦਾਲਤ ਵਿਚ ਸਿਰਫ਼ ਪੁਰਾਣੀਆਂ ਦਲੀਲਾਂ ਹੀ ਦਿੱਤੀਆਂ ਗਈਆਂ। ਇਸ ਦੌਰਾਨ ਅਦਾਲਤ ਵਿਚ ਤਿੰਨ ਹੋਰ ਵਿਅਕਤੀਆਂ ਦੇ ਨਾਮ ਪੇਸ਼ ਕੀਤੇ ਗਏ। ਵਿਜੀਲੈਂਸ ਨੇ ਇਸ ਮਾਮਲੇ ਵਿਚ ਕੋਈ ਨਵੀਂ ਦਲੀਲ ਪੇਸ਼ ਨਹੀਂ ਕੀਤੀ। ਇਸ ਦੌਰਾਨ ਸੋਨੇ ਵਿਚ ਥੋੜ੍ਹਾ ਜਿਹਾ ਫ਼ਰਕ ਪਾਇਆ ਗਿਆ। ਰਜਿਸਟਰੀ ਬਾਰੇ ਕਿਹਾ ਗਿਆ ਕਿ ਅਦਾਲਤ ਵਿਚ ਸਭ ਕੁਝ ਦਿਖਾਇਆ ਗਿਆ ਹੈ। ਵਿਜੀਲੈਂਸ ਵੱਲੋਂ ਜਾਇਦਾਦ ਸਬੰਧੀ ਕੁਝ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਰਾਜੂ ਮਦਾਨ, ਮਹੇਸ਼ ਮਖੀਜਾ ਤੇ ਰਾਜਨ ਅਰੋੜਾ ਦੇ ਨਾਂ ਅਦਾਲਤ ’ਚ ਪੇਸ਼ ਕੀਤੇ ਗਏ ਸਨ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ। ਜਿਸ ਤੋਂ ਬਾਅਦ ਅਦਾਲਤ ਨੇ ਅਰੋੜਾ ਦਾ ਚਾਰ ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ, ਇਸ ਦੌਰਾਨ ਅਦਾਲਤ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਅਦਾਲਤ ਵਿਚ ਵਿਜੀਲੈਂਸ ਨੇ ਦੱਸਿਆ ਕਿ ਇਸ ਮਾਮਲੇ ’ਚ ਵਿਧਾਇਕ ਦੇ ਕੁ਼ੜਮ ਰਾਜੂ ਮਦਾਨ, ਉਨ੍ਹਾਂ ਦੇ ਪੁੱਤਰ ਰਾਜਨ ਅਰੋੜਾ ਤੇ ਮਹੇਸ਼ ਮਖੀਜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੂੰ ਕਈ ਅਹਿਮ ਸਬੂਤ ਮਿਲੇ ਹਨ ਤੇ ਰਮਨ ਅਰੋੜਾ ਨੇ ਰਿਮਾਂਡ ਦੌਰਾਨ ਮੰਨਿਆ ਕਿ ਉਨ੍ਹਾਂ ਦਾ ਪੁੱਤਰ ਨਗਰ ਨਿਗਮ ਦਾ ਕੰਮ ਦੇਖਦਾ ਸੀ ਤੇ ਜਾਇਦਾਦ ਦੇ ਨਾਲ-ਨਾਲ ਉਹ ਨਗਰ ਨਿਗਮ ਜਾ ਕੇ ਕੰਮ ਕਰਵਾਉਂਦਾ ਸੀ। ਇਸ ਕਾਰਨ ਵਿਜੀਲੈਂਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ। ਏਨਾ ਹੀ ਨਹੀਂ, ਏਅਰਪੋਰਟ ਅਥਾਰਟੀ ਨੂੰ ਐੱਲਓਸੀ ਵੀ ਜਾਰੀ ਕੀਤਾ ਗਈ ਹੈ। ਪਤਾ ਲੱਗਾ ਹੈ ਕਿ ਵਿਧਾਇਕ ਨੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਦੋਸਤਾਂ ਦੇ ਨਾਂ ਤੇ ਜ਼ਮੀਨ ਵੀ ਖ਼ਰੀਦੀ ਹੈ, ਜਿਸ ਦੀ ਕੀਮਤ ਕਰੋੜਾਂ ’ਚ ਹੈ। ਇਸ ਪੂਰੀ ਜਾਂਚ ਲਈ ਵਿਜੀਲੈਂਸ ਨੇ 7 ਟੀਮਾਂ ਤਾਇਨਾਤ ਕੀਤੀਆਂ ਹਨ। ਤਿੰਨਾਂ ਬੈਗਾਂ ਨੂੰ ਲੱਭਣ ਲਈ ਵਿਜੀਲੈਂਸ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣੀ ਸ਼ੁਰੂ ਕੀਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕੁੜਮ ਤੇ ਮਖੀਜਾ ਨੇ ਇਹ ਬੈਗ ਕਿਵੇਂ ਗਾਇਬ ਕੀਤੇ? ਇਸ ਤੋਂ ਇਲਾਵਾ ਵਿਜੀਲੈਂਸ ਕੋਲ ਵਿਧਾਇਕ ਰਮਨ ਅਰੋੜਾ ਵੱਲੋਂ ਪਰੇਸ਼ਾਨ ਕੀਤੇ ਗਏ ਕਈ ਲੋਕ ਸਾਹਮਣੇ ਆ ਰਹੇ ਹਨ ਤੇ ਆਪਣੇ ਬਿਆਨ ਦਰਜ ਕਰਵਾ ਰਹੇ ਹਨ।



