ਵਿਧਾਇਕ ਰਣਬੀਰ ਭੁੱਲਰ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ
'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ : ਭੁੱਲਰ

ਬਾਲ ਕਿਸ਼ਨ
ਫ਼ਿਰੋਜ਼ਪੁਰ, 16 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਅੱਜ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੂਬਾ ਜਦੀਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਸਮਾਗਮਾਂ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਸ. ਸਤਿੰਦਰ ਸਿੰਘ ਮੌਜੂਦ ਸਨ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਰਬੋਤਮ ਸਹੂਲਤਾਂ ਪ੍ਰਦਾਨ ਕਰਨ ਦਾ ਮਕਸਦ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਤੇ ਆਧੁਨਿਕ ਸਿੱਖਿਆ ਪ੍ਰਦਾਨ ਕਰਕੇ ਸਮੇਂ ਦਾ ਹਾਣੀ ਬਣਾਉਣਾ ਹੈ ਤਾਂ ਜੋ ਉਹ ਭਵਿੱਖ ਵਿੱਚ ਮੁਕਾਬਲੇ ਦੀਆਂ ਔਖੀਆਂ ਪ੍ਰੀਖਿਆਵਾਂ ਨੂੰ ਸੁਖਾਲੇ ਢੰਗ ਨਾਲ ਪਾਸ ਕਰਨ ਦੇ ਸਮਰੱਥ ਬਣ ਸਕਣ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਅਜਿਹੀਆਂ ਬੁਲੰਦੀਆਂ ਨੂੰ ਹਾਸਲ ਕਰਕੇ ਨਾਮਣਾ ਖੱਟ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ ਕੇ ਦਿਲਚਸਪੀ ਮੁਤਾਬਕ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਬਾਰਵੀਂ ਪਾਸ ਕਰਨ ਮਗਰੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਨ ਅਤੇ ਮਨਪਸੰਦ ਅਹੁਦਿਆਂ ਉੱਤੇ ਸੇਵਾਵਾਂ ਨਿਭਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਨੂੰ ਮੁਕੰਮਲ ਤੌਰ ‘ਤੇ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਮੁਹਿੰਮ ਵੀ ਸਾਰਥਕ ਨਤੀਜੇ ਸਾਹਮਣੇ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਮਜ਼ਬੂਤ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਹਲਕੇ ਦੇ ਸਾਰੇ ਹੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੂਰਾ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਜ਼ਰੂਰਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਪੂਰਾ ਕਰਨ ਲਈ ਸਰਗਰਮ ਰਹਿਣ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੀ ਵਿਕਾਸ ਪੱਖੋਂ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਅਤੇ ਲੋਕ ਸੰਤੁਸ਼ਟੀ ਜ਼ਾਹਰ ਕਰ ਰਹੇ ਹਨ। ਇਨ੍ਹਾਂ ਯਤਨਾਂ ਦੇ ਸਿੱਟੇ ਵੱਜੋਂ ਲੋਕ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਨੂੰ ਪਹਿਲ ਦੇਣ ਲੱਗੇ ਹਨ। ਇਸ ਮੌਕੇ ਰਾਜ ਬਹਾਦਰ ਸਿੰਘ ਗਿੱਲ ਸਿੱਖਿਆ ਕੋਆਰਡੀਨੇਟਰ , ਨੇਕ ਪ੍ਰਤਾਪ ਸਿੰਘ, ਹਿਮਾਂਸ਼ੂ ਠੱਕਰ, ਗੁਰਜੀਤ ਸਿੰਘ ਚੀਮਾ, ਜਸਪਾਲ ਸਿੰਘ, ਸੁਰਿੰਦਰ ਸਿੰਘ ਗਿੱਲ, ਰਜਨੀਸ਼ ਸ਼ਰਮਾ, ਅਮਰਿੰਦਰ ਸਿੰਘ ਬਰਾੜ, ਹਰਮੀਤ ਸਿੰਘ ਖਾਈ, ਬਲਕਾਰ ਸਿੰਘ ਗਿੱਲ, ਜਸਵੰਤ ਸਿੰਘ ਸੈਣੀ ਕੋਆਰਡੀਨੇਟਰ ਸਮਾਰਟ ਸਕੂਲ, ਸੁਮਿਤ ਪੁੱਗਲ, ਸੁਖਵਿੰਦਰ ਕੌਰ ਸਰਪੰਚ, ਸੁਰਜੀਤ ਸਿੰਘ ਇੰਕਵਾਨ, ਰਾਜੀਵ ਕੁਮਾਰ ਗੋਲਡੀ ਵੀ ਹਾਜ਼ਰ ਸਨ।



