Punjab

ਵਿਦੇਸ਼ ਜਾਣਾ ਚਾਹੁੰਦੇ ਨੌਜਵਾਨਾਂ ਦੀ ਗਿਣਤੀ ਪਿਛਲੇ ਸਮਿਆਂ ਦੇ ਮੁਕਾਬਲੇ ਬੇਹੱਦ ਘਟੀ

ਮਲੇਰਕੋਟਲਾ,  7 ਅਗਸਤ : ਅੱਜਕੱਲ੍ਹ ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਦੀ ਤੁਲਨਾ ਵਿਚ ਕੁਝ ਘੱਟ ਰਹੀ ਹੈ, ਇਸ ਦੇ ਪਿੱਛੇ ਕੀ ਵਜ੍ਹਾ ਹੈ, ਬਾਰੇ ਅਹਿਮ ਤੱਥ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਪੰਜਾਬ ਵਿਚ ਵਿਦੇਸ਼ ਜਾਣ ਦਾ ਰੁਝਾਨ ਘੱਟ ਰਿਹਾ ਹੈ। ਪਿਛੋਕੜ ਦੇਖੀਏ ਤਾਂ ਬੇਸ਼ੱਕ ਸੂਬੇ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਲੰਬੇ ਸਮੇਂ ਤੋਂ ਰਹੀ ਹੈ, ਖ਼ਾਸਕਰ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂਕੇ ਆਦਿ ਦੇਸ਼ਾਂ ਵੱਲ ਵੱਡੀ ਗਿਣਤੀ ਵਿਚ ਪੰਜਾਬੀ ਲੋਕ ਕੰਮ ਦੀ ਭਾਲ ਕਰਨ ਵਿਚ ਗਏ ਹਨ ਪਰ 2023 ਤੋਂ ਬਾਅਦ ਇਹ ਰੁਝਾਨ ਹੌਲੀ-ਹੌਲੀ ਘੱਟ ਰਿਹਾ ਨਜ਼ਰੀਂ ਪੈਂਦਾ ਹੈ। ਇਸ ਖੇਤਰ ਦੇ ਮਾਹਿਰਾਂ ਮੁਤਾਬਕ ਕੈਨੇਡਾ ਤੇ ਆਸਟ੍ਰੇਲੀਆ ਦੀ ਸਖ਼ਤ ਹੁੰਦੀ ਜਾਂਦੀ ਇਮੀਗ੍ਰੇਸ਼ਨ ਨੀਤੀ ਕਾਰਨ ਇਹ ਮਾਹੌਲ ਬਣਿਆ ਹੈ ਕਿਉੰਜੋ ਇਨ੍ਹਾਂ ਮੁਲਕਾਂ ਦੀਆਂ ਵੀਜ਼ਾ ਨੀਤੀਆਂ ਵਿਚ ਕਾਫੀ ਤਬਦੀਲੀਆਂ ਹੋਈਆਂ ਹਨ। ਕੈਨੇਡਾ ਨੇ 2023–2024 ਵਿਚ ਸਟੂਡੈਂਟ ਵੀਜ਼ਾ ’ਤੇ ਕਈ ਬੰਦਿਸ਼ਾਂ ਲਗਾਈਆਂ ਹਨ। “ਕੱਪ” ਲਾਗੂ ਹੋਣ ਕਾਰਨ ਸਾਲਾਨਾ ਗਿਣਤੀ ਸੀਮਤ ਹੋ ਗਈ ਹੈ। ਓਧਰ, ਆਸਟ੍ਰੇਲੀਆ ਨੇ ਵੀ ਪੀਆਰ ਤੇ ਸਟੂਡੈਂਟ ਵੀਜ਼ਾ ਪ੍ਰੋਸੈਸ ਮੁਸ਼ਕਲ ਬਣਾ ਦਿੱਤਾ ਹੈ। ਧੋਖਾਧੜੀ ਤੇ ਨਕਲੀ ਦਸਤਾਵੇਜ਼ਾਂ ਦੇ ਮਾਮਲੇ ਬਣੇ ਨਜ਼ੀਰ : ਪੰਜਾਬ ਤੋਂ ਨਿਕਲੇ ਕਈ ਵਿਦਿਆਰਥੀਆਂ ਦੇ ਪੇਸ਼ਕਸ਼ ਪੱਤਰਾਂ ਦੀ ਜਾਂਚ ਹੋਈ ਤਾਂ ਇਹ ਫ਼ਰਜ਼ੀ ਨਿਕਲੇ, ਖ਼ਾਸਕਰ ਕੈਨੇਡਾ ਨਾਲ ਸਬੰਧਤ ਕਈ ਮਾਮਲੇ ਅਜਿਹੇ ਨਿਕਲੇ ਹਨ। ਦੂਜਾ ਵੱਡਾ ਕਾਰਨ ਵਿਦੇਸ਼ ਜਾਣ ਦਾ ਖ਼ਰਚਾ (ਟਿਊਸ਼ਨ ਫੀਸ, ਜੀਵਨ-ਯਾਪਨ ਖ਼ਰਚ) ਵੱਧ ਜਾਣਾ ਹੈ। ਦਰਅਸਲ, ਡਾਲਰ ਦੀਆਂ ਕੀਮਤਾਂ ਵਧਣ ਕਾਰਨ ਮੱਧ ਵਰਗ ਦੇ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਚੰਗਾ ਪੱਖ ਇਹ ਹੈ ਕਿ ਸਾਡੇ ਦੇਸ਼ ਵਿਚ ਵੀ ਰੋਜ਼ਗਾਰ ਤੇ ਸਿੱਖਿਆ ਦੇ ਮੌਕੇ ਵਧ ਰਹੇ ਹਨ। ਪੰਜਾਬ ਤੇ ਭਾਰਤ ਵਿਚ ਨਵੀਆਂ ਯੋਜਨਾਵਾਂ ਜਿਵੇਂ ਸਟਾਰਟਅੱਪ ਇੰਡੀਆ, ਸਕਿੱਲ ਇੰਡੀਆ ਸਦਕਾ ਨੌਜਵਾਨ ਆਪਣੇ ਵਤਨ ਭਾਰਤ ਵਿਚ ਅੱਗੇ ਵਧਣ ਦੇ ਮੌਕੇ ਲੱਭ ਰਹੇ ਹਨ।

Related Articles

Leave a Reply

Your email address will not be published. Required fields are marked *

Back to top button