ਵਿਆਹ ਸਮਾਗਮਾਂ ’ਚ ਸ਼ਮੂਲੀਅਤ ਨੂੰ ਲੈ ਕੇ ਸਿਆਸੀ ਆਗੂ ਹੋਣ ਲੱਗੇ ਮੇਹਣੋ-ਮੇਹਣੀ, ਬਾਦਲ ਦੀ ਪੁੱਤਰੀ ਤੇ ਜਾਖੜ ਦੇ ਪੋਤੇ ਦੇ ਵਿਆਹ ‘ਚ ਸ਼ਾਮਲ ਹੋਏ ਸੀ ਆਗੂ

ਚੰਡੀਗੜ੍ਹ, 22 ਫਰਵਰੀ- ਭਾਜਪਾ ਨੇਤਾ ਸੁਨੀਲ ਜਾਖੜ ਦੇ ਪੋਤੇ ਜੈਵੀਰ ਜਾਖੜ ਅਤੇ ਅਕਾਲੀ ਨੇਤਾ ਸੁਖਬੀਰ ਬਾਦਲ ਦੀ ਪੁੱਤਰੀ ਹਰਕਿਰਤ ਕੌਰ ਦੇ ਵਿਆਹ ਸਮਾਗਮ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸ਼ਮੂਲੀਅਤ ਨੂੰ ਲੈ ਕੇ ਆਗੂਆਂ ਵਿਚ ਸਿਆਸੀ ਨੋਕਝੋਕ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਾਂਗਰਸੀਆਂ ਆਗੂਆਂ ਵਲੋਂ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਦੇ ਪਰਿਵਾਰਕ ਸਮਾਗਮ ਵਿਚ ਸ਼ਾਮਲ ਹੋਣ ’ਤੇ ਸਖਤ ਨੁਕਤਾਚੀਨੀ ਕੀਤੀ ਹੈ। ਰਾਜਾ ਵੜਿੰਗ ਨੇ ਇਹ ਸਿਆਸੀ ਟਕੋਰ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਰਾਜਾ ਵੜਿੰਗ ਦੀ ਆਲੋਚਨਾ ਕਰਨ ਤੋਂ ਬਾਅਦ ਕੀਤੀ ਹੈ। ਹਾਲਾਂਕਿ ਰਾਣਾ ਗੁਰਜੀਤ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਮੈਦਾਨ ਵਿਚ ਆ ਗਏ ਹਨ। ਰਾਜਾ ਵੜਿੰਗ ਨੇ ਰਾਣਾ ਗੁਰਜੀਤ ਸਿੰਘ ਦਾ ਨਾਮ ਲਏ ਬਗੈਰ ਕਿਹਾ ਕਿ ਕੋਈ ਵੀ ਪ੍ਰਧਾਨ ਬਣ ਸਕਦਾ ਹੈ। ਜੇਕਰ ਕੋਈ ਪ੍ਰਧਾਨ ਬਣਨਾ ਚਾਹੁੰਦਾ ਉਹ ਦਿੱਲੀ ਜਾ ਕੇ ਆਪਣੀ ਪੈਰਵੀ ਕਰੇ, ਪਰ ਘੱਟੋ ਘੱਟ ਮੀਡੀਆ ਵਿਚ ਬਿਆਨਬਾਜ਼ੀ ਨਾ ਕਰੇ। ਵੜਿੰਗ ਨੇ ਕਿਹਾ ਕਿ ਉਹ ਤਾਂ ਬਾਦਲ ਤੇ ਜਾਖੜ ਦੇ ਵਿਆਹ ਸਮਾਗਮ ਵਿਚ ਨਹੀਂ ਗਿਆ। ਉਹ ਕਾਂਗਰਸੀ ਹੈ ਤੇ ਕਾਂਗਰਸੀਆਂ ਦੇ ਸਮਾਗਮਾਂ ਵਿਚ ਜਾਣਗੇ। ਉਹਨਾਂ ਕਿਹਾ ਕਿ ਹੇਠਲੇ ਪੱਧਰ ’ਤੇ ਵਰਕਰ ਹੈਰਾਨ ਤੇ ਪਰੇਸ਼ਾਨ ਹਨ ਕਿਉਂਕਿ ਲੀਡਰ ਖੁਦ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਵਿਆਹ ਸਮਾਗਮਾਂ ਵਿਚ ਹਾਜ਼ਰ ਹੁੰਦੇ ਹਨ। ਭਾਵੇ ਰਾਣਾ ਗੁਰਜੀਤ ਸਿੰਘ ਅਜੇ ਚੁੱਪ ਹਨ, ਪਰ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ’ਤੇ ਮੁੱਖ ਮੰਤਰੀ ਅਤੇ ਰਾਜਾ ਵੜਿੰਗ ਦਾ ਨਾਮ ਲਏ ਬਗੈਰ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਕੁਝ ਆਗੂ ਖੁਸ਼ੀ ਅਤੇ ਗਮੀ ਦੇ ਪਰਿਵਾਰਕ ਜਸ਼ਨਾਂ ‘ਤੇ ਟਿੱਪਣੀ ਕਰਕੇ ਸਾਡੇ ਸੱਭਿਆਚਾਰ ਪ੍ਰਤੀ ਆਪਣੀ ਨੀਵੀਂ ਸੋਚ ਦਾ ਪ੍ਰਦਰਸ਼ਨ ਕਰ ਰਹੇ ਹਨ। ਅੱਜ ਜਦੋਂ ਪੰਜਾਬ ਵਿਚ ਹਰ ਮੁੱਦੇ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰੇ ਦੀ ਲੋੜ ਹੈ ਤਾਂ ਅਜਿਹੇ ਬਿਆਨਾਂ ਰਾਹੀਂ ਲੋਕਾਂ ਦਾ ਧਿਆਨ ਗੰਭੀਰ ਮੁੱਦਿਆਂ ਤੋਂ ਹਟਾਉਣ ਦੇ ਇਸ ਮਾੜੇ ਇਰਾਦੇ ਨੂੰ ਸਮਝਣ ਅਤੇ ਪੂਰੀ ਤਰ੍ਹਾਂ ਰੱਦ ਕਰਨ ਦੀ ਲੋੜ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੋਤੇ ਜੈਵੀਰ ਜਾਖੜ ਅਤੇ ਅਕਾਲੀ ਨੇਤਾ ਸੁਖਬੀਰ ਸਿੰਘ ਬਾਦਲ ਨੇ ਆਪਣੀ ਧੀ ਹਰਕੀਰਤ ਕੌਰ ਦੇ ਵਿਆਹ ਸਬੰਧੀ ਪਤਵੰਤਿਆਂ ਲਈ ਇਕ ਪਾਰਟੀ ਦੀ ਮੇਜ਼ਬਾਨੀ ਕੀਤੀ ਸੀ। ਇਨ੍ਹਾਂ ਸਮਾਗਮਾਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਤੋ ਬਿਨਾਂ ਧਾਰਮਿਕ, ਸਮਾਜਿਕ ਆਗੂ ਸ਼ਾਮਲ ਹੋਏ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਇਕ ਸਮਾਗਮ ਦੌਰਾਨ ਟਿੱਪਣੀ ਕਰਦਿਆਂ ਕਿਹਾ ਕਿ ਅੰਨਦਾਤਾ ਭੁੱਖ ਹੜ੍ਹਤਾਲ ’ਤੇ ਹੈ, ਉੱਥੇ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਦਾਅਵਤਾਂ ਦੇ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕਰਕੇ ਲੋਕ ਹੇਠਲੇ ਪੱਧਰ ’ਤੇ ਲੜਦੇ ਰਹਿੰਦੇ ਹਨ, ਕਿਸੇ ਸਮਾਗਮ ਵਿਚ ਨਹੀਂ ਜਾਂਦੇ ਪਰ ਇਹ ਖੁਦ ਜੱਫੀਆਂ ਪਾਉਂਦੇ ਹਨ। ਇਕ ਦੂਜੇ ਦੇ ਸਮਾਗਮਾਂ ਵਿਚ ਸ਼ਾਮਲ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਗੂ ਆਪਣੇ ਮੰਚਾਂ ਤੋਂ ਇੱਕ ਦੂਜੇ ਵਿਰੁੱਧ ਜ਼ਹਿਰ ਉਗਲਦੇ ਹਨ ਪਰ ਨਿੱਜੀ ਸਮਾਗਮਾਂ ਵਿਚ ਇੱਕ ਦੂਜੇ ਨੂੰ ਜੱਫੀ ਪਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਸ਼ੱਕੀ ਚਿਹਰਾ ਨੰਗਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਤੇ ਜਾਖੜ ਦੇ ਸਮਾਗਮ ਵਿਚ ਸਾਰੇ ਲੀਡਰ ਸਨ ਪਰ ਉਹ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ ਅਤੇ ਨਾ ਹੀ ਉਹ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਦੀ ਟਿੱਪਣੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਇੱਕ ਸ਼ੁੱਧ ਸ਼ਾਕਾਹਾਰੀ ਵਿਆਹ ਸੀ। ਇਸ ਲਈ ਤੁਹਾਨੂੰ (ਮੁੱਖ ਮੰਤਰੀ) ਸੱਦਾ ਨਹੀਂ ਦਿੱਤਾ ਸੀ ਕਿਉਕਿ ਇਹ ਵਿਆਹ ਏਐੱਮ ਸੀ ਪੀਐੱਮ ਨਹੀਂ।



