
ਖੰਨਾ, 16 ਦਸੰਬਰ : ਖੰਨਾ ਦੇ ਜੀਟੀ ਰੋਡ ’ਤੇ ਸੋਮਵਾਰ ਨੂੰ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਬੇਟਾ ਜ਼ਖਮੀ ਹੋ ਗਿਆ। ਮ੍ਰਿਤਕਾ ਦੀ ਪਛਾਣ ਪ੍ਰਵੀਣ (50) ਵਾਸੀ ਲੁਧਿਆਣਾ ਦੇ ਰੂਪ ’ਚ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ’ਚ ਸੋਗ ਦਾ ਮਾਹੌਲ ਹੈ। ਪ੍ਰਵੀਣ 5 ਬੱਚਿਆਂ ਦੀ ਮਾਂ ਸੀ ਤੇ ਉਸ ਦੀ ਬੇਟੀ ਦਾ ਵਿਆਹ ਮਾਰਚ ਮਹੀਨੇ ’ਚ ਹੋਣਾ ਤੈਅ ਹੋਇਆ ਸੀ। ਵਿਆਹ ਨਾਲ ਸਬੰਧਤ ਗੱਲਬਾਤ ਲਈ ਪ੍ਰਵੀਣ ਆਪਣੇ ਬੇਟੇ ਨਾਲ ਪਟਿਆਲਾ ਗਈ ਸੀ, ਜਿੱਥੇ ਉਸ ਦੀ ਲੜਕੀ ਦਾ ਰਿਸ਼ਤਾ ਤੈਅ ਹੋਇਆ ਸੀ। ਉੱਥੇ ਸਾਰੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਮਾਂ-ਬੇਟਾ ਬਾਈਕ ’ਤੇ ਲੁਧਿਆਣਾ ਵਾਪਸ ਆ ਰਹੇ ਸਨ। ਉਹ ਜਦ ਖੰਨਾ ਜੀਟੀ ਰੋਡ ’ਤੇ ਭੱਟੀਆਂ ਇਲਾਕੇ ’ਚ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਬਾਈਕ ਤਿਲਕ ਗਈ। ਸੰਤੁਲਨ ਵਿਗੜਨ ਕਾਰਨ ਉਹ ਦੋਵੇਂ ਬਾਈਕ ਤੋਂ ਡਿੱਗ ਗਏ। ਹਾਦਸੇ ਦੌਰਾਨ ਪ੍ਰਵੀਣ ਦਾ ਸਿਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ। ਉਸ ਦਾ ਬੇਟਾ ਹਾਦਸੇ ’ਚ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਤੁਰੰਤ ਸਹਾਇਤਾ ਕੀਤੀ ਤੇ ਦੋਵਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਪਰ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਪ੍ਰਵੀਣ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਬੇਟੇ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ•। ਮਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ’ਚ ਕੋਹਰਾਮ ਮਚ ਗਿਆ, ਜਿਸ ਘਰ ’ਚ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਹੋਣੀਆਂ ਸਨ, ਉੱਥੇ ਹੁਣ ਮਾਤਮ ਛਾ ਗਿਆ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



