
ਫ਼ਿਰੋਜ਼ਪੁਰ, 14 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ਵਿਖੇ ਇਕ ਵਿਆਹੁਤਾ ਕੋਲੋਂ ਹੋਰ ਦਾਜ ਮੰਗ ਕੇ ਤੰਗ–ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋੋਸ਼ ਵਿਚ ਥਾਣਾ ਵੂਮੈਨ ਫ਼ਿਰੋਜ਼ਪੁਰ ਪੁਲਿਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖ਼ਿਲਾਫ਼ 498ਏ, 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਸ਼ਕੀਨਾ ਰਾਣੀ ਪੁੱਤਰੀ ਗੁਰਨਾਮ ਸਿੰਘ ਵਾਸੀ ਮੇਘਾ ਰਾਏ ਉਤਾੜ ਨੇ ਇਕ ਦਰਖਾਸਤ ਯੂਆਈਡੀ ਨੰਬਰ 485425 ਰਾਹੀਂ ਦੱਸਿਆ ਕਿ ਉਸ ਦੇ ਮਾਤਾ ਪਿਤਾ ਨੇ ਉਸ ਦਾ ਵਿਆਹ ਮਿਤੀ 10 ਅਪ੍ਰੈਲ 2022 ਨੂੰ ਦੋਸ਼ੀ ਪ੍ਰਵੇਸ਼ ਕੁਮਾਰ ਪੁੱਤਰ ਬਾਜ ਸਿੰਘ ਵਾਸੀਅਨ ਮਸਤੂਵਾਲਾ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨਾਲ ਕੀਤਾ ਸੀ। ਵਿਆਹੁਤਾ ਨੇ ਦੱਸਿਆ ਕਿ ਵਿਆਹ ਸਮੇਂ ਉਸ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਦਹੇਜ ਦਿੱਤਾ ਸੀ, ਪਰ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਇਸ ਦਾਜ ਦਹੇਜ ਤੋਂ ਖੁਸ਼ ਨਹੀਂ ਸੀ। ਵਿਆਹੁਤਾ ਨੇ ਦੱਸਿਆ ਕਿ ਦੋਸ਼ੀਅਨ ਪ੍ਰਵੇਸ਼ ਕੁਮਾਰ, ਸਹੁਰਾ ਬਾਜ ਸਿੰਘ ਪੁੱਤਰ ਤਾਰਾ ਸਿੰਘ, ਅਮਨ ਪੁੱਤਰ ਬਾਜ ਸਿੰਘ, ਸੱਸ ਨਿਹਾਲ ਕੌਰ ਪਤਨੀ ਬਾਜ ਸਿੰਘ, ਗੋਗਾ ਰਾਣੀ ਪਤਨੀ ਬਿੱਟੂ ਸਿੰਘ ਨੇ ਹੋਰ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਪਰ ਉਸ ਵੱਲੋਂ ਦਾਜ ਦਹੇਜ ਲਿਆਉਣ ਤੋਂ ਇਨਕਾਰ ਕਰਨ ਤੇ ਦੋਸ਼ੀਅਨ ਨੇ ਉਸ ਨੂੰ ਕੁੱਟਮਾਰ ਕਰਕੇ ਆਪਣੇ ਘਰੋਂ ਕੱਢ ਦਿੱਤਾ। ਜਾਂਚਕਰਤਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



