
ਲੁਧਿਆਣਾ, 21 ਜੁਲਾਈ : ਲੁਧਿਆਣਾ ਰਾਜ਼ੀਨਾਮੇ ਲਈ ਬੁਲਾਈ ਗਈ ਵਿਆਹੁਤਾ ਉੱਪਰ ਇੱਟਾਂ ਨਾਲ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਈਸ਼ਰ ਨਗਰ ਦੀ ਰਹਿਣ ਵਾਲੀ ਹਰਦੀਪ ਕੌਰ ਦੀ ਸ਼ਿਕਾਇਤ ’ਤੇ ਕੈਲਾਸ਼ ਨਗਰ ਜੋਧੇਵਾਲ ਦੇ ਰਹਿਣ ਵਾਲੇ ਔਰਤ ਦੇ ਪਤੀ ਵਰਿੰਦਰ ਕੁਮਾਰ, ਉਸ ਦੀ ਨਨਾਣ ਮੋਨਿਕਾ ਤੇ ਰਜਨੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਹਰਦੀਪ ਕੌਰ ਨੇ ਦੱਸਿਆ ਕਈ ਸਾਲ ਪਹਿਲਾਂ ਉਸ ਦਾ ਵਿਆਹ ਵਰਿੰਦਰ ਕੁਮਾਰ ਨਾਲ ਹੋਇਆ ਸੀ। ਪਰਿਵਾਰ ’ਚ ਅਕਸਰ ਲੜਾਈ-ਝਗੜਾ ਚੱਲਦਾ ਸੀ। 21 ਜੂਨ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਹਰਦੀਪ ਕੌਰ ਆਪਣੇ ਪਤੀ ਵਰਿੰਦਰ ਕੁਮਾਰ ਨਾਲੋ ਅਲੱਗ ਰਹਿਣ ਲੱਗ ਪਈ। ਇਸੇ ਦੌਰਾਨ 4 ਜੁਲਾਈ ਨੂੰ ਉਸ ਦੇ ਪਤੀ ਦੇ ਕੁਝ ਰਿਸ਼ਤੇਦਾਰਾਂ ਨੇ ਆ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਲੜਾਈ ਝਗੜੇ ਨੂੰ ਨਿਬੇੜਨ ਲਈ ਮੋਹਤਬਰ ਵਿਅਕਤੀਆਂ ਨੇ ਸਾਰਿਆਂ ਨੂੰ ਸਮਝੌਤੇ ਲਈ ਬੁਲਾਇਆ। ਮੀਟਿੰਗ ਦੌਰਾਨ ਰਾਜ਼ੀਨਾਮਾ ਨਹੀਂ ਹੋ ਸਕਿਆ। ਸਾਰੇ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਔਰਤ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਜਿਵੇਂ ਹੀ ਕੇਆਰ ਪੈਟਰੋਲ ਪੰਪ ਦੇ ਲਾਗੇ ਪਹੁੰਚੀ ਤਾਂ ਉਸ ਦੇ ਪਤੀ ਤੇ ਨਨਾਣਾਂ ਨੇ 2 ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਉਸ ਉੱਪਰ ਇੱਟਾਂ ਨਾਲ ਹਮਲਾ ਕਰ ਦਿੱਤਾ। ਉਧਰੋਂ ਇਸ ਮਾਮਲੇ ’ਚ ਕੇਸ ਦੀ ਪੜਤਾਲ ਕਰ ਰਹੇ ਥਾਣਾ ਸਦਰ ਦੇ ਏਐੱਸਆਈ ਨਵੀਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਹਰਦੀਪ ਕੌਰ ਦੀ ਸ਼ਿਕਾਇਤ ’ਤੇ ਵਰਿੰਦਰ, ਮੋਨਿਕਾ ਤੇ ਰਜਨੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।



