
ਲੁਧਿਆਣਾ, 14 ਜੂਨ : ਔਰਤ ਦੇ ਪੁਰਾਣੇ ਦੋਸਤ ਨੇ ਉਸਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬਾੜੇਵਾਲ ਰੋਡ ਦੇ ਇੱਕ ਇਲਾਕੇ ਦੇ ਰਹਿਣ ਵਾਲੇ ਮਹਿਲਾ ਦੇ ਪਤੀ ਦੀ ਸ਼ਿਕਾਇਤ ‘ਤੇ ਨਿਊ ਜਨਤਾ ਨਗਰ ਦੇ ਵਾਸੀ ਸੁਖਦੀਪ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਔਰਤ ਦੇ ਪਤੀ ਨੇ ਦੱਸਿਆ ਕਿ ਵਿਆਹ ਤੋਂ ਪਹਿਲੋਂ ਉਸਦੀ ਪਤਨੀ ਦੀ ਸੁਖਦੀਪ ਸਿੰਘ ਨਾਲ ਦੋਸਤੀ ਸੀ। ਵਿਆਹ ਤੋਂ ਬਾਅਦ ਵੀ ਸੁਖਦੀਪ ਉਸ ਦੀ ਪਤਨੀ ਨਾਲ ਗੱਲਬਾਤ ਕਰਦਾ ਰਿਹਾ। ਮੁਲਜ਼ਮ ਅਕਸਰ ਉਸਦੀ ਪਤਨੀ ਨੂੰ ਮਿਲਣ ਲਈ ਬਾਹਰ ਬੁਲਾਉਂਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਬਦਨਾਮ ਕਰਨ ਲਈ ਉਸਦੀ ਪਤਨੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ। ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਔਰਤ ਦੇ ਪਤੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਥਾਣਾ ਸਰਾਭਾ ਨਗਰ ਦੇ ਮੁਖੀ ਮਲੂ ਬਾਲਾ ਨੇ ਦੱਸਿਆ ਕਿ ਪੁਲਿਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ ‘ਤੇ ਨਿਊ ਜਨਤਾ ਨਗਰ ਦੇ ਵਾਸੀ ਸੁਖਦੀਪ ਸਿੰਘ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



