Punjab

ਵਕੀਲ ਨੂੰ ਗੋਲ਼ੀ ਮਾਰਨ ਵਾਲੇ ਨਿਕਲੇ ਗੈਂਗਸਟਰ ਹੈਪੀ ਜੱਟ ਦੇ ਗੁਰਗੇ, ਦੇਹਰਾਦੂਨ ਤੋਂ ਦੋ ਬਦਮਾਸ਼ ਗ੍ਰਿਫ਼ਤਾਰ

ਅੰਮ੍ਰਿਤਸਰ, 31 ਜੁਲਾਈ : ਵਕੀਲ ਲਖਵਿੰਦਰ ਸਿੰਘ ਨੂੰ ਜੰਡਿਆਲਾ ਇਲਾਕੇ ਵਿਚ ਗੋਲ਼ੀ ਮਾਰਨ ਤੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਬੁੱਧਵਾਰ ਨੂੰ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਉੱਤਰਾਖੰਡ ਦੇ ਦੇਹਰਾਦੂਨ ਵਿਚ ਕੀਤੀ ਗਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖ਼ਤਰਨਾਕ ਗੈਂਗਸਟਰ ਹੈਪੀ ਉਰਫ਼ ਜੱਟ ਦੇ ਸਾਥੀ ਹਨ, ਜੋ ਪੁਲਿਸ ਨੂੰ ਲੋੜੀਂਦਾ ਹੈ। ਹੈਪੀ ਖ਼ਿਲਾਫ਼ ਪੰਜਾਬ ਦੇ ਕਈ ਥਾਣਿਆਂ ਵਿਚ ਕਤਲ, ਕਤਲ ਦੀ ਕੋਸ਼ਿਸ਼ ਤੇ ਜਬਰੀ ਵਸੂਲੀ ਦੇ ਮਾਮਲੇ ਦਰਜ ਹਨ। ਪੁਲਿਸ ਨੇ ਅਪਰਾਧੀਆਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿਚ ਵਰਤੇ ਗਏ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ ਪਰ ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਿਸ ਅਧਿਕਾਰੀ ਹੁਣ ਤੱਕ ਬਹੁਤ ਕੁਝ ਨਹੀਂ ਦੱਸ ਰਹੇ ਹਨ। ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਲਗਾਤਾਰ ਰੋਸ ਮੁਜ਼ਾਹਰਿਆਂ ਕਾਰਨ ਪੁਲਿਸ ‘ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਦਬਾਅ ਸੀ। ਪੁਲਿਸ ਮੁਲਜ਼ਮਾਂ ਦਾ ਲਗਾਤਾਰ ਪਿੱਛਾ ਵੀ ਕਰ ਰਹੀ ਸੀ। ਇਹ ਖੁਲਾਸਾ ਹੋਇਆ ਹੈ ਕਿ ਅਪਰਾਧ ਕਰਨ ਤੋਂ ਬਾਅਦ ਦੋਵੇਂ ਮਾੜੇ ਅਨਸਰ ਪੰਜਾਬ ਤੋਂ ਭੱਜ ਗਏ ਸਨ ਪਰ ਪੁਲਿਸ ਨੇ ਅਖ਼ੀਰ ਦੋਵਾਂ ਦਾ ਪਿੱਛਾ ਕਰ ਕੇ ਕਾਬੂ ਕਰ ਲਏ। ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਵਕੀਲ ਲਖਵਿੰਦਰ ਸਿੰਘ 21 ਜੁਲਾਈ ਦੀ ਸਵੇਰ ਨੂੰ ਇਕ ਕਾਰ ਵਿਚ ਅਦਾਲਤ ਪਹੁੰਚ ਰਿਹਾ ਸੀ। ਰਸਤੇ ਵਿਚ ਦੋ ਬਾਈਕਾਂ ‘ਤੇ ਸਵਾਰ ਪੰਜ ਮੁਲਜ਼ਮਾਂ ਨੇ ਉਸ ‘ਤੇ ਗੋਲ਼ੀ ਚਲਾ ਦਿੱਤੀ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ‘ਤੇ ਗੋਲ਼ੀ ਚਲਾਉਣ ਵਾਲੇ ਲੋਕਾਂ ਨੂੰ ਸ਼ੱਕ ਸੀ ਕਿ ਲਖਵਿੰਦਰ ਉਨ੍ਹਾਂ ਦੇ ਕੇਸਾਂ ਦੀ ਪੈਰਵੀ ਦੇ ਨਾਲ-ਨਾਲ ਦੂਜੇ ਪੱਖ ਦੀ ਵੀ ਵਕਾਲਤ ਕਰ ਰਿਹਾ ਸੀ।

ਏਬੀਏ ਨੇ ਤਿੰਨ ਦਿਨਾਂ ਤੱਕ ਸੂਬਾ ਪੱਧਰ ‘ਤੇ ਕੀਤੇ ਸਨ ਰੋਸ ਮੁਜ਼ਾਹਰੇ

ਦੱਸਣਯੋਗ ਹੈ ਕਿ ਵਕੀਲ ‘ਤੇ ਹੋਈ ਗੋਲ਼ੀਬਾਰੀ ਵਿਰੁੱਧ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਤਿੰਨ ਦਿਨਾਂ ਤੱਕ ਜ਼ਿਲ੍ਹਾ ਅਦਾਲਤ ਵਿਚ ਸ਼ਾਂਤਮਈ ਪ੍ਰਦਰਸ਼ਨ ਕੀਤੇ ਸਨ ਪਰ ਜਦੋਂ ਪੁਲਿਸ ਮੁਲਜ਼ਮਾਂ ਨੂੰ ਕਾਬੂ ਨਹੀਂ ਕਰ ਸਕੀ ਤਾਂ ਪੰਜਾਬ ਪੱਧਰ ‘ਤੇ ਵੀ ਰੋਸ ਮੁਜ਼ਾਹਰਾ ਹੋਇਆ ਸੀ।

Related Articles

Leave a Reply

Your email address will not be published. Required fields are marked *

Back to top button