Punjab

ਵਕੀਲ ਦੇ ਬਟੂਏ ਚੋਂ ਨਕਦੀ ਗਾਇਬ ਹੋਣ ਦੇ ਮਾਮਲੇ ’ਚ ਹੰਗਾਮਾ

ਲੁਧਿਆਣਾ, 13 ਮਈ- ਸੋਮਵਾਰ ਨੂੰ ਕਚਹਿਰੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਵਕੀਲ ਦੇ ਬਟੂਏ ਚੋਂ ਰਕਮ ਗਾਇਬ ਹੋਣ ਤੋਂ ਬਾਅਦ ਅਦਾਲਤੀ ਮੁਲਾਜ਼ਮਾਂ ਅਤੇ ਵਕੀਲਾਂ ਵਿਚਕਾਰ ਤਕਰਾਰ ਹੋ ਗਿਆ। ਐਡਵੋਕੇਟ ਨਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸਿਵਲ ਨਾਜ਼ਰ ਅਤੇ ਹੋਰ ਮੁਲਾਜ਼ਮਾਂ ਨੇ ਸਿਰਫ ਉਸਦੀ ਕੁੱਟਮਾਰ ਹੀ ਨਹੀਂ ਕੀਤੀ ਬਲਕਿ ਉਸਦੀ ਪੱਗ ਦੀ ਬੇਅਦਬੀ ਵੀ ਕੀਤੀ। ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਦੇ ਚਲਦੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਨੇ ਮੁਕੰਮਲ ਤੌਰ ਤੇ ਹੜਤਾਲ ਦਾ ਐਲਾਨ ਕਰ ਦਿੱਤਾ। ਉਨ੍ਹਾਂ ਸਬੰਧਤ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਦੇ ਤੁਰੰਤ ਬਾਅਦ ਵਕੀਲ ਕੋਰਟ ਕੰਪਲੈਕਸ ਦੇ ਅੰਦਰ ਰੋਸ਼ ਵਜੋਂ ਇਕੱਠੇ ਹੋਏ ਅਤੇ ਐਫਆਈਆਰ ਦਰਜ ਹੋਣ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੱਕ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਫੈਸਲਾ ਕੀਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਨ ਸਾਗਰ ਨੇ ਦੱਸਿਆ ਕਿ ਐਡਵੋਕੇਟ ਨਰਿੰਦਰ ਸਿੰਘ ਦਾ ਬਟੂਆ ਗੁਆਚ ਗਿਆ ਸੀ। ਜਦੋਂ ਉਸਨੂੰ ਬਟੂਆ ਮਿਲਿਆ ਤਾਂ ਪਤਾ ਲੱਗਾ ਕਿ ਉਸ ਵਿੱਚੋਂ 8 ਹਜ਼ਾਰ ਰੁਪਏ ਗਾਇਬ ਸਨ। ਇਸ ਸਬੰਧੀ ਉਸਨੇ ਸਵੇਰੇ ਲਿਖਿਤ ਸ਼ਿਕਾਇਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਅਤੇ ਅਦਾਲਤੀ ਸਟਾਫ ਮੈਂਬਰਾਂ ਵਿਚਕਾਰ ਬਹਿਸ ਹੋ ਗਈ। ਇਸ ਤੋਂ ਬਾਅਦ ਉਸਦੀ ਕੁੱਟਮਾਰ ਕਰ ਦਿੱਤੀ ਗਈ। ਇਸ ਮੌਕੇ ਐਡਵੋਕੇਟ ਵਿਕਰਮ ਪੰਡਿਤ ਨੇ ਆਖਿਆ ਕਿ ਵਕੀਲ ਦੀ ਪੱਗ ਵੀ ਉਛਾਲ ਦਿੱਤੀ ਗਈ। ਪੰਡਿਤ ਨੇ ਆਖਿਆ ਕਿ ਇਹ ਸਿਰਫ ਹਮਲਾ ਹੀ ਨਹੀਂ ਬਲਕਿ ਬੇਅਦਬੀ ਵੀ ਹੈ। ਉਨ੍ਹਾਂ ਆਖਿਆ ਕਿ ਵਕੀਲ ਭਾਈਚਾਰਾ ਇੱਕਜੁੱਟ ਹੈ ਅਤੇ ਜਲਦੀ ਹੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਡੀਬੀਏ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਪੁਲਿਸ ਐਫਆਈਆਰ ਦਰਜ ਕਰਕੇ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਕੋਈ ਵੀ ਵਕੀਲ ਅਦਾਲਤੀ ਸੁਣਵਾਈ ਲਈ ਹਾਜ਼ਰ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਸਾਰਾ ਵਕੀਲ ਭਾਈਚਾਰਾ ਪੂਰੀ ਤਰ੍ਹਾਂ ਹੜਤਾਲ ਤੇ ਹੈ। ਬਾਕਸ– ਸੈਸ਼ਨ ਜੱਜ ਦੀ ਅਦਾਲਤ ਦੇ ਬਾਹਰ ਦਿੱਤਾ ਗਿਆ ਧਰਨਾ ਉਧਰ ਦੂਜੇ ਪਾਸੇ ਅਦਾਲਤੀ ਮੁਲਾਜ਼ਮਾਂ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਦੇ ਬਾਹਰ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਪ੍ਰਦਰਸ਼ਨ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਮੀਡੀਆ ਨਾਲ ਕੋਈ ਵੀ ਗੱਲ ਨਹੀਂ ਕੀਤੀ। ਉਧਰ ਕੋਰਟ ਕੰਪਲੈਕਸ ਦੇ ਚੌਂਕੀ ਇੰਚਾਰਜ ਏਐਸਆਈ ਸੁਭਾਸ਼ ਚੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਅਧਾਰ ਤੇ ਐਫਆਈਆਰ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button