Punjab

ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਜਾਣ ਵਾਲੇ ਨੌਜਵਾਨ ਸਟ੍ਰਾਬੇਰੀ ਦੀ ਖੇਤੀ ਕਰਕੇ ਇੱਥੇ ਵੀ ਹੋ ਸਕਦੇ ਨੇ ਮਾਲੋ-ਮਾਲ : ਤਰਸੇਮ ਸਿੰਘ ਭੰਗਵਾਂ

ਕਲਾਨੌਰ, 13 ਅਕਤੂਬਰ : ਸਿਆਣਿਆਂ ਦੀ ਕਹਾਵਤ ਹੈ ਕਿ ‘ਅਕਲ ਨਾਲ ਵਾਹ ਤੇ ਰੱਜ ਕੇ ਖਾਹ’ ਜੇਕਰ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਜਾਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਆਪਣੀ ਸੂਝ ਬੂਝ ਨਾਲ ਆਪਣੀ ਜਨਮ ਭੂਮੀ ਤੇ ਹੀ ਸਟ੍ਰਾਬੇਰੀ ਦੀ ਖੇਤੀ ਕਰਕੇ ਮਾਲੋ ਮਾਲ ਹੋ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਭੰਗਵਾਂ ਦੇ ਅਗਾਂਹਵਧੂ ਕਿਸਾਨ ਸੇਵਾਮੁਕਤ ਹੌਲਦਾਰ ਤਰਸੇਮ ਸਿੰਘ ਨੇ ਕੀਤਾ। ਦੇਸ਼ ਲਈ ਭਾਰਤ ਪਾਕਿਸਤਾਨ ਦੀਆਂ ਹੋਈਆਂ ਜੰਗਾਂ ਲੜਨ ਵਾਲੇ ਸੇਵਾਮੁਕਤ ਫੌਜੀ ਤਰਸੇਮ ਸਿੰਘ ਭੰਗਵਾਂ ਨੇ ਦੱਸਿਆ ਕਿ ਉਹ 31 ਦਸੰਬਰ 1988 ਵਿੱਚ ਵਾਇਰਲੈਸ ਮਕੈਨਿਕ ਹਵਾਲਦਾਰ ਸੇਵਾਮੁਕਤ ਹੋਣ ਉਪਰੰਤ ਆਪਣੀ ਜ਼ਮੀਨ ਵਿੱਚ ਆਪਣੇ ਪੁੱਤਰ ਨੰਬਰਦਾਰ ਰਾਮ ਸਿੰਘ ਅਤੇ ਪੋਤਰੇ ਸਮੇਤ ਹੱਥੀਂ ਖੇਤੀ ਨੂੰ ਤਰਜੀਹ ਦੇ ਰਹੇ ਹਨ। ਉਸ ਨੇ ਦੱਸਿਆ ਕਿ ਸੇਵਾਮੁਕਤੀ ਤੋਂ ਬਾਅਦ ਉਸ ਵੱਲੋਂ ਆਪਣੀ ਜ਼ਮੀਨ ਵਿੱਚ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ, ਦਾਲਾਂ ਆਦਿ ਦੀ ਆਰਗੈਨਿਕ ਵਿਧੀ ਨਾਲ ਬਿਜਾਈ ਕਰਨ ਦੇ ਨਾਲ ਨਾਲ ਕੀਮਤੀ ਫ਼ਲ ਫਰੂਟ ਅਤੇ ਸਬਜ਼ੀਆਂ ਦੀ ਪੈਦਾਵਾਰ ਕਰਨ ਦੇ ਮਨੋਰਥ ਨਾਲ ਸੋਸ਼ਲ ਮੀਡੀਆ ਤੇ ਹਿਮਾਚਲ ਦੇ ਰਾਕੇਸ਼ ਕੁਮਾਰ ਸੂਰਿਆਵੰਸ਼ੀ ਵੱਲੋਂ ਸਟ੍ਰਾਬੇਰੀ ਦੀ ਪਨੀਰੀ ਲਗਾਉਣ ਸਬੰਧੀ ਪਾਈ ਗਈ ਪੋਸਟ ਤੋਂ ਪ੍ਰਭਾਵਿਤ ਹੋ ਕੇ ਪਿਛਲੇ ਸੱਤ ਸਾਲ ਤੋਂ ਸਟ੍ਰਾਬੇਰੀ ਦੀ ਅਗੇਤੀ ਅਤੇ ਪਛੇਤੀ ਕਿਸਮ ਦੀਆਂ ਪਨੀਰੀਆਂ ਲੈ ਕੇ ਸਟ੍ਰਾਬੇਰੀ ਵੀ ਖੇਤੀ ਕਰਦੇ ਆ ਰਹੇ ਹਨ। ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਅਗੇਤੀ ਕਿਸਮ ਦੀ ਬਿਜਾਈ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਗਈ ਹੈ ਅਤੇ ਸਟ੍ਰਾਬੇਰੀ ਦੀ ਕਾਸ਼ਤ ਕਰਨ ਦਾ ਇਸ ਵੇਲੇ ਢੁਕਵਾਂ ਸਮਾਂ ਹੈ ਅਤੇ ਉਨ੍ਹਾਂ ਵੱਲੋਂ ਮਹਾਰਾਸ਼ਟਰ ਦੇ ਬਲਸੇਵਰ ਤੋਂ ਸਟ੍ਰਾਬੇਰੀ ਦੀ ਅਗੇਤੀ ਕਿਸਮ ਵਿੰਟਰਡੋਨ ਦੇ ਬੂਟੇ ਮੰਗਵਾ ਕੇ ਆਪਣੇ ਖੇਤਾਂ ਵਿੱਚ ਆਰਗੈਨਿਕ ਖਾਦਾਂ ਨਾਲ ਬਿਜਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਟ੍ਰਾਬੇਰੀ ਦੀ ਪਛੇਤੀ ਕਿਸਮ ਕੈਮਾਰੋਜਾ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਬਿਜਾਈ ਦਾ ਢੁੱਕਵਾਂ ਸਮਾਂ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਬਿਜਾਈ ਕੀਤੀ ਜਾ ਰਹੀ ਸਟ੍ਰਾਬੇਰੀ ਜਨਵਰੀ ਮਹੀਨੇ ਵਿੱਚ ਤਿਆਰ ਹੋ ਕਿ ਫ਼ਲ ਦੀ ਤੁੜਵਾਈ ਸ਼ੁਰੂ ਹੋ ਜਾਵੇਗੀ ਜੋ ਅਪ੍ਰੈਲ ਅਤੇ ਮਈ ਦੇ ਅੱਧ ਤੱਕ ਫ਼ਲ ਦੇਵੇਗੀ। ਉਹਨਾਂ ਦੱਸਿਆ ਕਿ ਅਗੇਤੀ ਸਟ੍ਰਾਬੇਰੀ ਦਾ ਭਾਅ ਪਹਿਲਾਂ ਪਹਿਲਾਂ 400 ਤੋਂ ਲੈ ਕੇ 500 ਤੱਕ ਵਿਕਰੀ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਸਟ੍ਰਾਬੇਰੀ ਦਾ ਭਾਅ 150 ਤੋਂ 200 ਰੁਪਏ ਪ੍ਰਤੀ ਕਿੱਲੋ ਮਿਲ ਜਾਂਦਾ ਹੈ। ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰਤੀ ਏਕੜ ਵਿੱਚ ਸਟ੍ਰਾਬੇਰੀ 24 ਹਜ਼ਾਰ ਦੇ ਕਰੀਬ ਬੂਟੇ ਲੱਗਦੇ ਹਨ। ਉਹਨਾਂ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਇਸ ਵਾਰ ਉਹਨਾਂ ਵੱਲੋਂ ਮੰਗਵਾਏ ਲਿਫ਼ਾਫ਼ੇ ਵਿੱਚ ਤਿਆਰ ਕੀਤਾ ਬੂਟਾ 15 ਰੁਪਏ ਵਿੱਚ ਮਿਲਿਆ ਹੈ ਜਦਕਿ ਨਰਸਰੀ ਵਾਲਿਆਂ ਵੱਲੋਂ 25 ਤੋਂ 30 ਰੁਪਏ ਵਿੱਚ ਵੀ ਬੂਟਾ ਵੇਚਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸਟ੍ਰਾਬੇਰੀ ਦਾ ਬੂਟਾ ਮਹਿੰਗਾ ਹੋਣ ਤੋਂ ਇਲਾਵਾ ਇਸ ਨੂੰ ਠੰਢ ਤੋਂ ਬਚਾਉਣ ਲਈ ਮਲਚਿੰਗ ਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਤੋਂ ਬਚਾਉਣ ਲਈ ਲੋਰਟਨਲ ਵਾਈਟ ਪਲਾਸਟਿਕ ਸੀਟ ਤਰਪਾਲ ਨਾਲ ਢੱਕਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਬਿਜਾਈ ਕੀਤੀ ਗਈ ਸਟ੍ਰਾਬੇਰੀ ਨੂੰ ਦਸੰਬਰ ਮਹੀਨੇ ਦੇ ਵਿੱਚ ਫੁੱਲ ਲੱਗਣੇ ਸ਼ੁਰੂ ਹੋ ਜਾਂਦੇ ਹਨ ਜਦਕਿ ਜਨਵਰੀ ਮਹੀਨੇ ਦੀ ਸ਼ੁਰੂਆਤ ਦੌਰਾਨ ਸਟ੍ਰਾਬੇਰੀ ਦਾ ਫ਼ਲ ਪੱਕ ਕੇ ਤਿਆਰ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ 200 ਗ੍ਰਾਮ ਦੀ ਪੈਕਿੰਗ ਬਣਾ ਕੇ ਮਾਰਕੀਟ ਵਿੱਚ ਪਰਚੂਨ 40 ਤੋਂ 50 ਰੁਪਏ ਵਿੱਚ ਵੇਚਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਜੇਕਰ ਇਸ ਦੀ ਵੱਡੇ ਪੱਧਰ ‘ਤੇ ਬਿਜਾਈ ਕੀਤੀ ਜਾਵੇ ਤਾਂ ਇਹ ਫ਼ਸਲ ਲਾਹੇਵੰਦ ਹੋ ਸਕਦੀ ਅਤੇ ਪ੍ਰਤੀ ਬੂਟਾ 600 ਗ੍ਰਾਮ ਤੋਂ ਵੱਧ ਝਾੜ ਦੇ ਜਾਦਾ ਹੈ। ਉਹਨਾਂ ਕਰਕੇ ਪ੍ਰਤੀ ਏਕੜ ਵਿੱਚ ਚਾਰ ਪੰਜ ਲੱਖ ਰੁਪਏ ਖਰਚ ਕਰਕੇ ਤਿਆਰ ਕੀਤੀ ਗਈ ਸਟ੍ਰਾਬੇਰੀ ਦੀ ਫਸਲ 8 ਤੋਂ 10 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ। ਤਰਸੇਮ ਸਿੰਘ ਨੇ ਦੱਸਿਆ ਸਟ੍ਰਾਬੇਰੀ ਦੀ ਸਾਂਭ-ਸੰਭਾਲ ਤੇ ਖਰਚ ਕਰਨ ਦੇ ਬਾਵਜੂਦ ਵਧੀਆ ਬਚਤ ਹੁੰਦੀ ਹੈ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਟ੍ਰਾਬੇਰੀ ਦੀ ਖੇਤੀ ਨਾਲ ਜੁੜਨਾ ਚਾਹੀਦਾ ਹੈ। ਤਰਸੇਮ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਗੰਡੋਇਆ ਦੀ ਹੱਥੀਂ ਤਿਆਰ ਕੀਤੀ ਆਰਗੈਨਿਕ ਖਾਦ ਨਾਲ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਬਜ਼ੀਆਂ ਤੋਂ ਇਲਾਵਾ ਇਸ ਵੇਲੇ ਉਨ੍ਹਾਂ ਨੇ ਮੂੰਗਫਲੀ, ਸ਼ਕਰਕੰਦੀ, ਸੁਵਾਂਜਣਾ, ਹਲਦੀ, ਅਦਰਕ, ਸੁੰਡ ਆਦਿ ਦੀ ਕਾਸ਼ਤ ਕੀਤੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button