Punjab

ਲੋਹੀਆ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

ਜਲੰਧਰ, 25 ਅਗਸਤ : ਜਲੰਧਰ ਦਿਹਾਤੀ ਪੁਲਿਸ ਨੇ ਇੱਕ ਅੰਨ੍ਹੇ ਕਤਲ ਕੇਸ ਨੂੰ ਸੁਲਝਾ ਲਿਆ ਹੈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਾਮਲਾ ਲੋਹੀਆਂ ਥਾਣਾ ਖੇਤਰ ਦੇ ਗੁਰੂ ਨਾਨਕ ਕਾਲੋਨੀ ਦੀ ਰਹਿਣ ਵਾਲੀ ਹਰਜੀਤ ਕੌਰ ਦੇ ਕਤਲ ਨਾਲ ਸਬੰਧਿਤ ਹੈ। ਪੁਲਿਸ ਨੇ ਜਾਂਚ ਰਾਹੀਂ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 14 ਜੁਲਾਈ 2025 ਨੂੰ ਸਾਧੂ ਸਿੰਘ ਵਾਸੀ ਟੁਰਨਾ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਦੀ ਧੀ ਹਰਜੀਤ ਕੌਰ ਕੱਪੜੇ ਸਿਲਾਈ ਕਰਵਾਉਣ ਲਈ ਜੱਬੋਵਾਲ ਗਈ ਸੀ, ਪਰ ਘਰ ਵਾਪਸ ਨਹੀਂ ਆਈ। ਤਲਾਸ਼ੀ ਦੌਰਾਨ ਉਸ ਦੀ ਲਾਸ਼ ਮੱਖੂ ਜੀਟੀ ਰੋਡ ਦੇ ਕਿਨਾਰੇ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਮ੍ਰਿਤਕ ਦੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਡੂੰਘੇ ਜ਼ਖ਼ਮ ਸਨ ਤੇ ਉਸ ਦਾ ਸਕੂਟਰ ਵੀ ਨੇੜੇ ਹੀ ਪਿਆ ਮਿਲਿਆ। ਪਹਿਲੀ ਨਜ਼ਰੇ ਇਹ ਸਪੱਸ਼ਟ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਹੱਤਿਆ ਕੀਤੀ ਹੈ। ਇਸ ਆਧਾਰ ’ਤੇ ਲੋਹੀਆਂ ਥਾਣੇ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕਾ ਦਾ ਦੂਜਾ ਵਿਆਹ ਹੋਇਆ ਸੀ ਜਾਂਚ ਤੋਂ ਪਤਾ ਲੱਗਾ ਕਿ ਹਰਜੀਤ ਕੌਰ ਤਲਾਕਸ਼ੁਦਾ ਸੀ ਤੇ ਉਸ ਦਾ ਦੂਜਾ ਵਿਆਹ ਫਿਰੋਜ਼ਪੁਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਗੁਰੂ ਨਾਨਕ ਕਾਲੋਨੀ ਲੋਹੀਆਂ ’ਚ ਇੱਕ ਘਰ ਬਣਾਇਆ ਤੇ ਉੱਥੇ ਰਹਿਣ ਲੱਗ ਪਈ। ਇਸ ਦੌਰਾਨ ਉਸ ਦਾ ਪਤੀ ਇਟਲੀ ਚਲਾ ਗਿਆ ਤੇ ਅਕਸਰ ਉਸ ਨੂੰ ਮਿਲਣ ਆਉਂਦਾ ਰਹਿੰਦਾ ਸੀ। ਹਰਜੀਤ ਕੌਰ ਦਾ ਕਤਲ ਉਸ ਦੇ ਪਤੀ ਦੀ ਗੈਰਹਾਜ਼ਰੀ ’ਚ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਤੇ ਕਤਲ ਦਾ ਕਾਰਨ ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਹਰਜੀਤ ਕੌਰ ਦੇ ਵਿਆਹ ਤੋਂ ਪਹਿਲਾਂ ਉਸ ਦੇ ਪਰਿਵਾਰ ਨੇ ਦਲਬੀਰ ਸਿੰਘ ਨਾਮ ਦੇ ਨੌਜਵਾਨ ਨਾਲ ਰਿਸ਼ਤਾ ਵੇਖਿਆ ਸੀ, ਪਰ ਵਿਆਹ ਨਹੀਂ ਹੋ ਸਕਿਆ। ਇਸ ਦੇ ਬਾਵਜੂਦ ਦੋਵਾਂ ’ਚ ਨੇੜਤਾ ਬਣੀ ਰਹੀ। ਕਤਲ ਤੋਂ ਪਹਿਲਾਂ ਹਰਜੀਤ ਕੌਰ ਉਸ ’ਤੇ ਵਿਆਹ ਲਈ ਦਬਾਅ ਪਾ ਰਹੀ ਸੀ। ਇਸ ਰਿਸ਼ਤੇ ਦੇ ਜਨਤਕ ਹੋਣ ਦੇ ਡਰੋਂ ਮੁਲਜ਼ਮ ਦਲਬੀਰ ਸਿੰਘ 14 ਜੁਲਾਈ ਨੂੰ ਆਪਣੀ ਕਾਰ ’ਤੇ ਪਹੁੰਚਿਆ ਤੇ ਹਰਜੀਤ ਕੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਜੀਟੀ ਰੋਡ ਦੇ ਕਿਨਾਰੇ ਸੁੱਟ ਕੇ ਭੱਜ ਗਿਆ। ਲਗਾਤਾਰ ਜਾਂਚ ਤੋਂ ਬਾਅਦ ਪੁਲਿਸ ਨੇ 23 ਅਗਸਤ 2025 ਨੂੰ ਦਲਬੀਰ ਸਿੰਘ ਉਰਫ਼ ਸੋਨੂੰ ਪੁੱਤਰ ਨਿਰਵੈਰ ਸਿੰਘ ਵਾਸੀ ਦਬੂਲੀਆਂ, ਥਾਣਾ ਫੱਤੂ ਡਿੰਗਾ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਇੱਕ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਕਾਰ ਤੇ ਉਸ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਐੱਸਪੀ (ਜਾਂਚ) ਸਰਬਜੀਤ ਰਾਏ ਤੇ ਡੀਐੱਸਪੀ ਓਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਟੀਮ ਨੇ ਡੂੰਘਾਈ ਨਾਲ ਜਾਂਚ ਕਰ ਕੇ ਕਤਲ ਦੇ ਭੇਤ ਨੂੰ ਸੁਲਝਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਕੇਸ ਨੂੰ ਤਕਨੀਕੀ ਜਾਂਚ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button