ਲੋਕਾਂ ਹਿੱਤ ਲਈ ਸੰਘਰਸ਼ ਕਰਨ ਵਾਲੇ ਵਰਕਰਾਂ ਵਿੱਚੋਂ ਹੀ ਸੂਬਾ ਪ੍ਰਧਾਨ ਚੁਣ ਕੇ ਸੰਘਰਸ਼ ਲੜਨ ਵਾਲੀ ਜਥੇਬੰਦੀ ਹੈ ਬੀਕੇਯੂ ਏਕਤਾ ਸਿੱਧੂਪੁਰ- ਜਸਵੀਰ ਸਿੰਘ ਸਿੱਧੂਪੁਰ

ਫ਼ਿਰੋਜ਼ਪੁਰ, 8 ਜਨਵਰੀ (ਬਾਲ ਕਿਸ਼ਨ)– ਪਿੱਛਲੇ ਦਿਨੀਂ ਵਾਪਰੇ ਘਟਨਾ ਕਰਮ ਉੱਪਰ ਸਥਿਤੀ ਸਪੱਸ਼ਟ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਅਤੇ ਪੰਜਾਬ ਬਾਡੀ ਦੇ ਆਗੂਆਂ ਵੱਲੋਂ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੋਇਆ ਪਿਸ਼ੌਰਾ ਸਿੰਘ ਸਿੱਧੂਪੁਰ ਦੇ ਭਤੀਜੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਉਨ੍ਹਾਂ ਦੇ ਤਾਇਆ ਜੀ ਦੀ ਸੋਚ ਸੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇੱਕ ਪਰਿਵਾਰ ਦੀ ਪਰਿਵਾਰਕ ਜਥੇਬੰਦੀ ਨਹੀਂ ਹੈ ਅਤੇ ਇਹ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜਥੇਬੰਦੀ ਹੈ। ਇਸ ਲਈ ਉਨ੍ਹਾਂ ਨੇ ਪਰਿਵਾਰਵਾਦ ਨੂੰ ਅੱਗੇ ਨਾ ਵਧਾਉਂਦੇ ਹੋਏ ਜਥੇਬੰਦੀ ਵਿੱਚ ਮਿਹਨਤ ਕਰਨ ਵਾਲੇ ਸ: ਜਗਜੀਤ ਸਿੰਘ ਡੱਲੇਵਾਲ ਨੂੰ ਆਪਣੇ ਜਿਉਂਦਿਆਂ ਹੀ ਪ੍ਰਧਾਨ ਲਗਾ ਕੇ ਜਥੇਬੰਦੀ ਦੀ ਵਾਗਡੋਰ ਸੰਭਾਲ ਦਿੱਤੀ ਸੀ। ਇਸ ਮੌਕੇ ਜਥੇਬੰਦੀ ਦੇ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੰਦਿਆ ਹੋਇਆ ਕਿਹਾ ਕਿ ਜਥੇਬੰਦੀ ਇੱਕ ਲੋਕਤੰਤਰਿਕ ਢਾਂਚੇ ਨਾਲ ਚੱਲਦੀ ਹੈ ਅਤੇ ਇਹ ਲੋਕਾਂ ਦੀ ਜਥੇਬੰਦੀ ਹੈ, ਇਹ ਕਿਸੇ ਇੱਕ ਪਰਿਵਾਰ ਦੀ ਪਰਿਵਾਰਿਕ ਜਥੇਬੰਦੀ ਨਹੀਂ ਹੈ ਅਤੇ ਜਦੋਂ ਪ੍ਰਧਾਨ ਜੀ ਸ: ਪਿਛੌਰਾ ਸਿੰਘ ਵੱਲੋ ਆਪਣੇ ਜਿਉਂਦੇ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਉਸ ਸਮੇਂ ਦੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਸੌਂਪੀ ਗਈ ਸੀ ਤਾਂ ਉਸ ਵਕਤ ਵੀ ਉਨ੍ਹਾਂ ਦਾ ਪਰਿਵਾਰ ਬੈਠਾ ਸੀ ਅਤੇ ਉਹ ਆਪਣੇ ਜਿਉਂਦੇ ਜੀ ਹੀ ਜਥੇਬੰਦੀ ਦੀ ਵਾਂਗਡੋਰ ਆਪਣੇ ਪੁੱਤਰ ਨੂੰ ਸੌਂਪ ਸਕਦੇ ਸਨ, ਪਰ ਸ: ਪਿਸ਼ੌਰਾ ਸਿੰਘ ਜੀ ਦੀ ਸੋਚ ਸੀ ਕਿ ਇਹ ਲੋਕਾਂ ਦੀ ਜਥੇਬੰਦੀ ਹੈ ਅਤੇ ਇਹ ਇੱਕ ਪਰਿਵਾਰ ਦੀ ਪਰਿਵਾਰਕ ਜਥੇਬੰਦੀ ਨਹੀਂ, ਇਸ ਲਈ ਉਨ੍ਹਾਂ ਨੇ ਪਰਿਵਾਰਵਾਦ ਨੂੰ ਅੱਗੇ ਨਾ ਵਧਾਉਂਦੇ ਹੋਏ ਜਥੇਬੰਦੀ ਵਿੱਚ ਲੰਮਾ ਸਮਾਂ ਕੰਮ ਕਰਨ ਵਾਲੇ ਸ: ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਜਥੇਬੰਦੀ ਦੀ ਵਾਂਗਡੋਰ ਸੌਂਪੀ ਸੀ ਅਤੇ ਉਸੇ ਤਰ੍ਹਾਂ ਪਰਿਵਾਰਵਾਦ ਨੂੰ ਅੱਗੇ ਨਾ ਵਧਾਉਂਦੇ ਹੋਏ ਸ: ਪਿਸ਼ੌਰਾ ਸਿੰਘ ਸਿੱਧੂਪੁਰ ਦੀ ਸੋਚ ਉੱਪਰ ਚੱਲਦੇ ਹੋਏ ਬੀਕੇਯੂ ਏਕਤਾ ਸਿੱਧੂਪੁਰ ਦਾ ਅਗਲਾ ਪ੍ਰਧਾਨ ਵੀ ਸ: ਜਗਜੀਤ ਸਿੰਘ ਡੱਲੇਵਾਲ ਦਾ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਹੋਵੇਗਾ, ਸਗੋਂ ਜਥੇਬੰਦੀ ਵਿੱਚ ਲੰਮਾ ਸਮਾਂ ਮਿਹਨਤ ਕਰਨ ਵਾਲਾ ਅਤੇ ਯੋਗ ਵਿਅਕਤੀ ਹੀ ਜਥੇਬੰਦੀ ਦਾ ਪ੍ਰਧਾਨ ਚੁਣਿਆ ਜਾਵੇਗਾ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਦੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਆਗੂ ਹਾਜ਼ਰ ਸਨ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਮੈਂਬਰਸ਼ਿਪ ਆ ਚੁੱਕੀ ਹੈ ਅਤੇ ਸਾਡੇ ਰੁਝੇਵਿਆਂ ਕਰਕੇ ਸਾਡੇ ਕੋਲੋਂ ਮੈਂਬਰਸ਼ਿਪ ਨਹੀਂ ਕੱਟੀ ਗਈ ਅਤੇ ਜਥੇਬੰਦੀ ਵੱਲੋਂ ਕੱਢੇ ਗਏ ਜਿਹੜੇ ਆਗੂਆਂ ਦੁਆਰਾ ਪੰਜਾਬ ਬਾਡੀ ਉੱਪਰ ਜੋ ਦੋਸ਼ ਲਗਾਏ ਗਏ ਹਨ, ਉਹ ਬਿਲਕੁੱਲ ਗਲਤ ਇਲਜ਼ਾਮ ਹਨ, ਕਿਉਂਕਿ ਜਥੇਬੰਦੀ ਵੱਲੋਂ ਲੋਕਾਂ ਲਈ ਲਗਾਤਾਰ ਲੜੇ ਜਾ ਰਹੇ ਸੰਘਰਸ਼ਾਂ ਦੇ ਰਜੇਵੇ ਹੀ ਇੰਨੇ ਜ਼ਿਆਦਾ ਸਨ ਕਿ ਅਸੀਂ ਉਹ ਮੈਂਬਰਸ਼ਿਪ ਕੱਟ ਨਹੀਂ ਸਕੇ ਅਤੇ ਜਿੱਥੇ ਮੈਂਬਰਸ਼ਿਪ ਕੱਟੀ ਗਈ ਹੈ, ਜਿਵੇਂ ਜ਼ਿਲ੍ਹਾ ਬਠਿੰਡੇ ਦੇ ਵਿੱਚ ਉੱਥੇ ਬਠਿੰਡੇ ਜ਼ਿਲ੍ਹੇ ਦੇ 2 ਬਲਾਕਾਂ ਦੀ ਚੋਣ ਹੋ ਗਈ ਹੈ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਮੈਂਬਰਸ਼ਿਪ ਕੱਟ ਕੇ ਅਤੇ ਕੰਪਲੀਟ ਕਰਕੇ ਉਹ ਮੈਂਬਰਸ਼ਿਪ ਸੁਰਜੀਤ ਸਿੰਘ ਦੇ ਕੋਲ ਪਹੁੰਚ ਚੁੱਕੀ ਹੈ, ਇਸ ਲਈ ਜਥੇਬੰਦੀ ਉਨ੍ਹਾਂ ਆਗੂਆਂ ਵੱਲੋਂ ਕੱਲ੍ਹ ਲਗਾਏ ਗਏ ਸਾਰੇ ਦੋਸ਼ਾਂ ਨੂੰ ਮੁੱਢੋਂ ਖਾਰਜ ਕਰਦੀ ਹੈ। ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਸਪੱਸ਼ਟ ਕਰਦਿਆਂ ਹੋਇਆ ਕਿਹਾ ਕਿ ਜਥੇਬੰਦੀ ਜਦੋਂ ਕੋਈ ਪ੍ਰੋਗਰਾਮ ਦਿੰਦੀ ਹੈ ਤਾਂ ਅਸੀਂ ਉਸ ਸਮੇਂ ਜ਼ਿਲ੍ਹਾ ਪ੍ਰਧਾਨਾਂ ਤੋਂ ਫੰਡ ਇਕੱਠਾ ਕਰਦੇ ਹਾਂ ਅਤੇ ਉਹ ਫੰਡ ਅਸੀਂ ਉੱਥੇ ਰਲ–ਮਿਲ ਕੇ ਖਰਚ ਕਰ ਦਿੰਦੇ ਹਾਂ ਅਤੇ ਜਿਹੜਾ ਫੰਡ ਉਨ੍ਹਾਂ ਕੋਲ ਛਮਾਹੀ ਤੋਂ ਆਉਂਦਾ ਉਸ ਤੋਂ ਪਹਿਲਾਂ ਹੀ ਸਾਡੇ ਆਗੂਆਂ ਦਾ ਖਰਚਾ ਹੀ ਇੰਨਾ ਜ਼ਿਆਦਾ ਹੋਇਆ ਹੁੰਦਾ ਹੈ ਕਿ ਉਸ ਫੰਡ ਦੀ ਸਾਡੇ ਕੋਲ ਜਮਾਂ ਹੋਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿ ਅਸੀਂ ਕੋਈ ਪੈਸਾ ਜਮਾਂ ਕਰ ਸਕੀਏ। ਇਸ ਲਈ ਜਥੇਬੰਦੀ ਕੋਲ ਕੋਈ ਵੀ ਫੰਡ ਜਮਾ ਨਹੀਂ ਹੈ। ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕੱਲ੍ਹ ਕੁੱਝ ਜਥੇਬੰਦੀ ਵਿੱਚੋਂ ਖਾਰਜ ਕੀਤੇ ਹੋਏ ਲੋਕਾਂ ਜਿਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਸਿੱਧੂਪੁਰ ਜਥੇਬੰਦੀ ਦੇ ਨਾਂਅ ਉੱਪਰ ਮੀਟਿੰਗ ਕਰਨ ਦਾ ਉਨ੍ਹਾਂ ਨੇ ਕਾਇਦੇ–ਕਾਨੂੰਨਾਂ ਨੂੰ ਤੋੜ ਕੇ ਜਾ ਕੇ ਇਹ ਮੀਟਿੰਗ ਕੀਤੀ ਹੈ ਅਤੇ ਉੱਥੇ ਜੋ ਉਨ੍ਹਾਂ ਇੱਕ ਪੋਲੀਟੀਕਲ ਬੰਦੇ ਨੂੰ ਕਨਵੀਨਰ ਲਗਾਉਣ ਦੀ ਗੱਲ ਕੀਤੀ ਹੈ, ਜਿਹੜਾ ਸਾਡੀ ਜਥੇਬੰਦੀ ਦਾ ਮੈਂਬਰ ਤੱਕ ਨਹੀਂ ਇਸ ਲਈ ਅਸੀਂ ਉਸ ਸਾਰੀ ਦੀ ਸਾਰੀ ਕੱਲ੍ਹ ਦੀ ਕਾਰਵਾਈ ਨੂੰ ਮੁੱਢੋ ਖਾਰਜ ਕਰਦੇ ਹਾਂ ਅਤੇ ਸਾਡਾ ਉਸ ਬੰਦੇ ਨਾਲ ਅਤੇ ਉਸਦਾ ਸਾਡੀ ਸਿੱਧੂਪੁਰ ਜਥੇਬੰਦੀ ਦਾ ਕੋਈ ਸੰਬੰਧ ਹੀ ਹੈ।



