
ਲੁਧਿਆਣਾ, 11 ਜੁਲਾਈ: ਪਿੰਡ ਮਿਹਰਬਾਨ ਦੇ ਗੁੱਜਰ ਭਵਨ ਇਲਾਕੇ ’ਚ ਵੀਰਵਾਰ ਰਾਤ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ। ਐਕਟਿਵਾ ’ਤੇ ਸਵਾਰ ਦੋ ਲੁਟੇਰਿਆਂ ਨੇ 45 ਸਾਲਾ ਤਿਲਕ ਰਾਜ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਤਿਲਕ ਰਾਜ ਨੇ ਲੁੱਟ ਦਾ ਵਿਰੋਧ ਕੀਤਾ ਸੀ। ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਉਸ ਕੋਲੋਂ ਇਕ ਸੈਮਸੰਗ ਮੋਬਾਈਲ ਫੋਨ ਤੇ ਲੱਗਭਗ 1200 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਇਹ ਵਾਰਦਾਤ ਰਾਤ ਕਰੀਬ 10 ਵਜੇ ਹੋਈ, ਜਦ ਤਿਲਕ ਰਾਜ ਆਪਣੀ ਪਤਨੀ ਨਾਲ ਸੈਰ ’ਤੇ ਨਿਕਲੇ ਸਨ। ਉਨ੍ਹਾਂ ਦੀ ਪਤਨੀ ਕਮਲਾ ਦੇਵੀ ਕੁਝ ਸਮੇਂ ਲਈ ਘਰ ਦੇ ਅੰਦਰ ਗਈ ਤਾਂ ਤਿਲਕ ਰਾਜ ਇਕੱਲੇ ਹੀ ਥੋੜ੍ਹੀ ਦੂਰੀ ’ਤੇ ਨਿਕਲ ਗਏ। ਇਸ ਦੌਰਾਨ ਐਕਟਿਵਾ ’ਤੇ 2 ਨੌਜਵਾਨ ਉਥੇ ਪਹੁੰਚੇ ਤੇ ਤਿਲਕ ਰਾਜ ਨੂੰ ਰੋਕਿਆ। ਵਿਰੋਧ ਕਰਨ ’ਤੇ ਹਮਲਾਵਰਾਂ ਨੇ ਉਨ੍ਹਾਂ ਦੇ ਪੇਟ ’ਚ ਚਾਕੂ ਮਾਰ ਦਿੱਤਾ। ਚੀਕਾਂ-ਸੁਣ ਕੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੂੰ ਲਹੂ-ਲੁਹਾਨ ਹਾਲਤ ’ਚ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਪਰ ਰਸਤੇ ’ਚ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਸਿਵਲ ਹਸਪਤਾਲ ’ਚ ਡਾਕਟਰਾਂ ਨੇ ਲਾਸ਼ ਨੂੰ ਮੋਰਚਰੀ ’ਚ ਰੱਖ ਦਿੱਤਾ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮਰਹੂਮ ਦੀ ਪਤਨੀ ਨੇ ਦੱਸਿਆ ਕਿ ਪਰਿਵਾਰ ਮੂਲ ਰੂਪ ’ਚ ਹਰਿਆਣਾ ਦਾ ਰਹਿਣ ਵਾਲਾ ਹੈ ਤੇ 4 ਮਹੀਨੇ ਪਹਿਲਾਂ ਹੀ ਲੁਧਿਆਣਾ ਕੰਮ ਦੀ ਤਲਾਸ਼ ’ਚ ਆਇਆ ਸੀ ਪਰ ਲੁਧਿਆਣਾ ਆਉਣ ਤੋਂ ਬਾਅਦ ਤਿਲਕ ਰਾਜ ਦੀ ਤਬੀਅਤ ਖਰਾਬ ਰਹਿਣ ਲੱਗੀ, ਜਿਸ ਕਰ ਕੇ ਉਹ ਪਿਛਲੇ 2 ਮਹੀਨਿਆਂ ਤੋਂ ਘਰ ’ਚ ਹੀ ਰਹਿ ਰਹੇ ਸਨ। ਉਨ੍ਹਾਂ ਦੇ 3 ਪੁੱਤਰ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ ਹਨ। ਕਮਲਾ ਦੇਵੀ ਨੇ ਦੱਸਿਆ ਕਿ ਵੀਰਵਾਰ ਰਾਤ ਪੂਰਾ ਪਰਿਵਾਰ ਨੇ ਇਕੱਠੇ ਬੈਠ ਕੇ ਭੋਜਨ ਕੀਤਾ ਸੀ। ਖਾਣੇ ਦੇ ਬਾਅਦ ਉਹ ਤੇ ਤਿਲਕ ਰਾਜ ਸੈਰ ਲਈ ਬਾਹਰ ਨਿਕਲੇ ਸਨ ਪਰ ਕੁਝ ਹੀ ਮਿੰਟਾਂ ’ਚ ਉਨ੍ਹਾਂ ਦਾ ਜੀਵਨ ਬਦਲ ਗਿਆ।
ਪੁਲਿਸ ਕਰ ਰਹੀ ਹੈ ਜਾਂਚ, ਹਮਲਾਵਰਾਂ ਦੀ ਤਲਾਸ਼ ਜਾਰੀ
ਥਾਣਾ ਮਿਹਰਬਾਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਹਸਪਤਾਲ ਪਹੁੰਚ ਕੇ ਮਰਹੂਮ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ ਤੇ ਇਲਾਕੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।



