
ਮੋਗਾ, 4 ਮਾਰਚ-ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ਤੇ ਲੁੱਟਾਂਖੋਹਾਂ ਕਰਨ ਦੇ ਆਦਿ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋ 2 ਮੋਟਰਸਾਈਕਲ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ’ਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਸ਼ਨਪ੍ਰੀਤ ਸਿੰਘ ਉਰਫ ਮੱਛੋ ਵਾਸੀ ਪਿੰਡ ਬੁੱਟਰ ਕਲਾਂ, ਜਸ਼ਨਦੀਪ ਸਿੰਘ ਉਰਫ ਜਸ਼ਨਾ ਵਾਸੀ ਮਾੜੀ ਮੁਸਤਫਾ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਵਾਸੀ ਮਾੜੀ ਮੁਸਤਫਾ ਅਤੇ ਜਸਵੀਰ ਸਿੰਘ ਉਰਫ ਘਾਈ ਵਾਸੀ ਮਾੜੀ ਮੁਸਤਫਾ ਜੋਕਿ ਕਥਿਤ ਤੌਰ ਤੇ ਮੋਟਰਸਾਈਕਲ ਚੋਰੀ ਕਰਨ ਅਤੇ ਰਾਹਗੀਰਾਂ ਤੋਂ ਮੋਬਾਇਲ ਫੋਨ ਖੋਹਣ ਦੇ ਆਦਿ ਹਨ। ਜੋ ਇਹ ਚਾਰੇ ਜਣੇ ਅੱਜ ਚੋਰੀ ਦੇ ਦੋ ਮੋਟਰਸਾਈਕਲ ਲੈਕੇ ਦਾਣਾ ਮੰਡੀ ਲੋਪੋਂ ਰੋਡ ਬੱਧਨੀ ਕਲਾਂ ਵਿਚ ਖੜੇ ਹਨ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਇਹ ਕਾਬੂ ਆ ਸਕਦੇ ਹਨ। ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ਭਰੋਸੇਯੋਗ ਹੋਣ ਕਰਕੇ ਦੱਸੀ ਜਗ੍ਹਾ ਤੇ ਛਾਪੇਮਾਰੀ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਮੋਟਰਸਾਈਕਲ ਬਿਨ੍ਹਾ ਨੰਬਰੀ ਅਤੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਕਾਬੂ ਕੀਤੇ ਚਾਰੋ ਨੌਜਵਾਨਾਂ ਖਿਲਾਫ਼ ਥਾਣਾ ਬੱਧਨੀ ਕਲਾਂ ਵਿਚ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਦਾ ਪਿਛਲਾ ਰਿਕਾਰਡ ਚੈਕ ਕੀਤਾ ਜਾ ਰਿਹਾ ਅਤੇ ਇਨ੍ਹਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਲੈਕੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।



