ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ
ਇੱਕ ਕਿਲੋ 5 ਗ੍ਰਾਮ ਹੈਰੋਇਨ, ਢਾਈ ਲੱਖ ਰੁਪਏ ਦੀ ਡਰੱਗ ਮਨੀ ਤੇ 3 ਨਾਜਾਇਜ਼ ਪਿਸਤੌਲਾਂ ਸਮੇਤ ਕੁਝ ਜ਼ਿੰਦਾ ਕਾਰਤੂਸ ਬਰਾਮਦ

ਲੁਧਿਆਣਾ, 20 ਅਗਸਤ : ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਕਿਲੋ 5 ਗ੍ਰਾਮ ਹੈਰੋਇਨ, ਢਾਈ ਲੱਖ ਰੁਪਏ ਦੀ ਡਰੱਗ ਮਨੀ ਤੇ 3 ਨਾਜਾਇਜ਼ ਪਿਸਤੌਲਾਂ ਸਮੇਤ ਕੁਝ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ’ਚ ਇੱਕ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੁਕਲ ਮੱਟੂ ਵੱਜੋਂ ਹੋਈ ਹੈ। ਲੁਧਿਆਣਾ ਪੁਲਿਸ ਨੇ ਮੱਟੂ ਸਮੇਤ ਆਸ਼ੂ ਤੇ ਵਿਕਰਮਜੀਤ ਸਿੰਘ ਉਰਫ ਸ਼ਿੰਦਾ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸੇ ਲੜੀ ਦੇ ਚੱਲਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਤੇ ਏਸੀਪੀ ਹਰਸ਼ਪ੍ਰੀਤ ਸਿੰਘ ਸਮੇਤ ਕ੍ਰਾਈਮ ਬਰਾਂਚ ਦੇ ਇੰਚਾਰਜ ਬੇਅੰਤ ਜੁਨੇਜਾ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇਕ ਕਿੱਲੋ 5 ਗ੍ਰਾਮ ਹੈਰੋਇਨ ਢਾਈ ਲੱਖ ਰੁਪਏ ਦੀ ਡਰੱਗ ਮਨੀ, 3 ਨਾਜਾਇਜ਼ ਪਿਸਤੌਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ ਮੁਲਜ਼ਮ ਮੁਕਲ ਮੱਟੂ ਨੂੰ ਹਿਰਾਸਤ ’ਚ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਇੱਕ ਇਲੈਕਟ੍ਰਾਨਿਕ ਕੰਡਾ ਤੇ ਇੱਕ ਬਲੀਨੋ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਉਕਤ ਕਾਰ ਨਸ਼ਾ ਤਸਕਰੀ ’ਚ ਵਰਤੀ ਜਾ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਪਰਾਧ ਖਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਨੂੰ ਸਜ਼ਾ ਦਵਾਈ ਜਾਵੇਗੀ ਤੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ।



