Punjab

ਲੁਧਿਆਣਾ ‘ਚ 3 ਮਹੀਨਿਆਂ ਦੀ ਗਰਭਵਤੀ ਸਣੇ 3 ਲੋਕ ਕੋਰੋਨਾ ਪਾਜ਼ੇਟਿਵ, ਸਿਹਤ ਵਿਭਾਗ ਚੌਕਸ

ਲੁਧਿਆਣਾ, 3 ਜੂਨ : ਜ਼ਿਲ੍ਹੇ ਵਿਚ ਸੋਮਵਾਰ ਨੂੰ ਕੋਰੋਨਾ ਦੇ 3 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚ ਇਕ 3 ਮਹੀਨੇ ਦੀ ਗਰਭਵਤੀ ਵੀ ਸ਼ਾਮਲ ਹੈ। ਹੁਣ ਜ਼ਿਲ੍ਹੇ ’ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਕੁੱਲ ਗਿਣਤੀ 9 ਹੋ ਗਈ ਹੈ। 28 ਮਈ ਤੋਂ ਮਾਮਲੇ ਆਉਣੇ ਸ਼ੁਰੂ ਹੋਏ ਸਨ ਤੇ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਸਿਹਤ ਵਿਭਾਗ ਅਨੁਸਾਰ ਕੂਮਕਲਾਂ ਦੀ ਰਹਿਣ ਵਾਲੀ 69 ਸਾਲਾ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉਹ ਚੰਡੀਗੜ੍ਹ ਦੇ ਸੈਕਟਰ-16 ਸਥਿਤ ਜੀਐੱਮਸੀਐੱਚ ’ਚ ਭਰਤੀ ਹੈ। ਔਰਤ ਨੂੰ ਪਿਛਲੇ 5 ਮਹੀਨਿਆਂ ਤੋਂ ਬੁਖਾਰ ਚੜ੍ਹ ਰਿਹਾ ਸੀ। ਉਸ ਨੇ 4 ਮਹੀਨੇ ਤੱਕ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਕਰਵਾਇਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਾਂਚ ’ਚ ਟਾਈਫਾਇਡ ਵੀ ਆਇਆ, ਜਦੋਂ ਕੋਈ ਫਰਕ ਨਹੀਂ ਪਿਆ ਤਾਂ ਮਈ ਤੋਂ ਪੀਜੀਆਈ ਚੰਡੀਗੜ੍ਹ ’ਚ ਇਲਾਜ ਕਰਵਾਉਣਾ ਸ਼ੁਰੂ ਕੀਤਾ। ਉਥੇ 25 ਮਈ ਨੂੰ ਭਰਤੀ ਕੀਤਾ ਗਿਆ ਤੇ ਕੋਰੋਨਾ ਟੈਸਟ ਕੀਤਾ ਗਿਆ, ਜੋ ਪਾਜ਼ੀਟਿਵ ਆਇਆ। ਉਸ ਨੂੰ 26 ਨੂੰ ਜੀਐੱਮਸੀਐੱਚ ’ਚ ਰੈਫਰ ਕੀਤਾ ਗਿਆ, ਜਿੱਥੇ ਉਹ ਆਕਸੀਜਨ ਸਪੋਰਟ ’ਤੇ ਹੈ। ਔਰਤ ਦੇ ਪਾਜ਼ੀਟਿਵ ਆਉਣ ਦੇ ਬਾਅਦ ਉਸ ਦੇ ਸੰਪਰਕ ’ਚ ਆਏ ਪਰਿਵਾਰ ਦੇ ਲੋਕਾਂ ਦੀ ਜਾਂਚ ਕੀਤੀ ਗਈ। ਕੂਮਕਲਾਂ ’ਚ ਰਹਿ ਰਹੇ ਔਰਤ ਦੇ ਪਤੀ, ਪੁੱਤ ਤੇ ਪੋਤੇ ਦੀ ਜਾਂਚ ਸਿਵਲ ਹਸਪਤਾਲ ਦੀ ਆਰਟੀਪੀਸੀਆਰ ਲੈਬ ’ਚ ਕੀਤੀ ਗਈ। ਔਰਤ ਦਾ 18 ਸਾਲਾ ਪੋਤਾ ਕੋਰੋਨਾ ਪਾਜ਼ੇਟਿਵ ਆਇਆ ਹੈ। ਔਰਤ ਦੀ ਨੂੰਹ ਤੇ ਦਿਓਰ ਦੀ ਜਾਂਚ ਚੰਡੀਗੜ੍ਹ ’ਚ ਕੀਤੀ ਜਾਵੇਗੀ, ਕਿਉਂਕਿ ਉਹ ਦੋਵੇਂ ਔਰਤ ਨਾਲ ਰਹਿ ਰਹੇ ਹਨ। ਪੋਤੇ ਨੂੰ ਘਰੇ ਹੀ ਕੁਵਾਰੰਟਾਈਨ ਕੀਤਾ ਗਿਆ ਹੈ। ਇਸ ਦੇ ਨਾਲ 2 ਦਿਨਾਂ ਤੋਂ ਬੁਖਾਰ ਦੀ ਸ਼ਿਕਾਇਤ ਨਾਲ ਜੂਝ ਰਹੀ 3 ਮਹੀਨੇ ਦੀ ਗਰਭਵਤੀ ਵੀ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਸ਼ਿਮਲਾਪੁਰੀ ਵਾਸੀ ਗਰਭਵਤੀ ਦਾ ਕੋਰੋਨਾ ਟੈਸਟ ਸਿਵਲ ਹਸਪਤਾਲ ’ਚ ਕੀਤਾ ਗਿਆ। ਉਸ ਨੂੰ ਘਰ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਉਸ ਦੇ ਸੰਪਰਕ ’ਚ ਆਏ ਲੋਕਾਂ ਦੀ ਜਾਂਚ ਲਈ ਵੀ ਟੀਮ ਗਠਿਤ ਕੀਤੀ ਗਈ ਹੈ। ਉਸ ਦੇ ਪਹਿਲਾਂ ਤੋਂ 2 ਬੱਚੇ ਹਨ।

Related Articles

Leave a Reply

Your email address will not be published. Required fields are marked *

Back to top button