
ਲੁਧਿਆਣਾ, 12 ਜੁਲਾਈ : ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋਏ ਲੁਟੇਰਿਆਂ ਨੇ ਪ੍ਰਾਪਰਟੀ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਲੈਪਟਾਪ ਅਤੇ 50 ਹਜ਼ਾਰ ਰੁਪਏ ਦੀ ਰਕਮ ਲੁੱਟ ਲਈ। ਕਾਰੋਬਾਰੀ ਦੇ ਘਰ ਦੇ ਲਾਗੇ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਦੇ ਰਹਿਣ ਵਾਲੇ ਪਵਨ ਕੁਮਾਰ ਦੀ ਸ਼ਿਕਾਇਤ ‘ਤੇ ਅਣਪਛਾਤੇ ਚਾਰ ਬਦਮਾਸ਼ਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਆਪ ਪ੍ਰੋਪਰਟੀ ਕਾਰੋਬਾਰੀ ਪਵਨ ਕੁਮਾਰ ਨੇ ਦੱਸਿਆ ਕਿ ਹੋ ਆਪਣੀ ਮਹਿੰਦਰਾ ਐਕਸਯੂਵੀ ਵਿੱਚ ਸਵਾਰ ਹੋ ਕੇ ਕੰਮ ਤੋਂ ਘਰ ਆ ਰਿਹਾ ਸੀ। ਕਾਰੋਬਾਰੀ ਨੇ ਦੇਖਿਆ ਕਿ ਕੁਝ ਵਿਅਕਤੀ ਉਨ੍ਹਾਂ ਦੇ ਗੁਆਂਢੀ ਦੀ ਕੰਧ ਦੇ ਕੋਲ ਬੈਠ ਕੇ ਸ਼ਰਾਬ ਪੀ ਰਹੇ ਸਨ। ਪਵਨ ਕੁਮਾਰ ਨੇ ਜਦ ਆਪਣੀ ਗੱਡੀ ਪਾਰਕ ਕਰਨ ਲਈ ਉਨ੍ਹਾਂ ਨੂੰ ਉਥੋਂ ਉੱਠਣ ਲਈ ਆਖਿਆ ਤਾਂ ਮੁਲਜ਼ਮ ਬੁਰੀ ਤਰ੍ਹਾਂ ਭੜਕ ਗਏ। ਪਵਨ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਲੜਾਈ ਝਗੜਾ ਕਰਦੇ ਹੋਏ ਬਦਮਾਸ਼ਾਂ ਨੇ ਉਸ ਦੇ ਗਲ ਵਿੱਚ ਪਾਈ ਚਾਂਦੀ ਦੀ ਚੇਨ ਤੋੜ ਦਿੱਤੀ। ਕਾਰੋਬਾਰੀ ਮੁਤਾਬਕ, ਮੁਲਜ਼ਮ ਕਾਰ ‘ਚੋਂ 50 ਹਜ਼ਾਰ ਰੁਪਏ ਦੀ ਨਕਦੀ ਅਤੇ ਐਚਪੀ ਕੰਪਨੀ ਦਾ ਲੈਪਟਾਪ ਲੈ ਕੇ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਬਚਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਵਨ ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰਨ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁੱਟ ਗਈ ਹੈ।



