
ਜ਼ੀਰਕਪੁਰ, 15 ਦਸੰਬਰ : ਐਤਵਾਰ ਸਵੇਰੇ ਚੰਡੀਗੜ੍ਹ-ਅੰਬਾਲਾ ਹਾਈਵੇ ‘ਤੇ ਇਕ ਹੋਟਲ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਲਿਫਟ ਵਿਚ ਫਸਣ ਤੋਂ ਬਾਅਦ ਘਬਰਾਏ ਹੋਏ ਇਕ ਨੌਜਵਾਨ ਦੀ ਲਿਫਟ ਡਕਟ ਵਿਚ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਾ (25) ਵਜੋਂ ਹੋਈ ਹੈ, ਜੋ ਕਿ ਪੁਰਾਣਾ ਪੰਚਕੂਲਾ, ਹਰਿਆਣਾ ਦਾ ਰਹਿਣ ਵਾਲਾ ਸੀ। ਉਹ ਚੰਡੀਗੜ੍ਹ-ਅੰਬਾਲਾ ਹਾਈਵੇ ‘ਤੇ ਸਥਿਤ ਇਕ ਨਿੱਜੀ ਹੋਟਲ ਵਿਚ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ, ਰਾਜਾ ਐਤਵਾਰ ਸਵੇਰੇ ਆਪਣੇ ਦੋਸਤ ਰਵੀ ਨਾਲ ਲਿਫਟ ਤੋਂ ਹੇਠਾਂ ਉਤਰ ਰਿਹਾ ਸੀ ਕਿ ਤਕਨੀਕੀ ਨੁਕਸ ਕਾਰਨ ਲਿਫਟ ਅਚਾਨਕ ਹਵਾ ਵਿਚ ਬੰਦ ਹੋ ਗਈ, ਜਿਵੇਂ ਹੀ ਲਿਫਟ ਰੁਕੀ, ਰਾਜਾ ਘਬਰਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਲਿਫਟ ਮੁੜ ਚਾਲੂ ਹੋਣ ਦੀ ਉਡੀਕ ਕੀਤੇ ਬਿਨ੍ਹਾਂ ਜ਼ਬਰਦਸਤੀ ਲਿਫਟ ਦਾ ਦਰਵਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਿਆ, ਰਾਜਾ ਨੇ ਛਾਲ ਮਾਰ ਕੇ ਬਾਹਰ ਨਿੱਕਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਾਹਰ ਡਿੱਗਣ ਦੀ ਬਜਾਏ, ਸਿੱਧਾ ਲਿਫਟ ਡਕਟ ਵਿਚ ਡਿੱਗ ਗਿਆ। ਉਸ ਦਾ ਸਿਰ ਲੋਹੇ ਦੇ ਐਂਗਲ ਨਾਲ ਟਕਰਾ ਗਿਆ ਅਤੇ ਉਸ ਦਾ ਖ਼ੂਨ ਵਹਿ ਗਿਆ। ਹਾਦਸੇ ਦੌਰਾਨ ਰਾਜਾ ਗੰਭੀਰ ਜ਼ਖ਼ਮੀ ਹੋ ਗਿਆ। ਰੌਲਾ ਸੁਣ ਕੇ ਹੋਟਲ ਪ੍ਰਬੰਧਕ ਅਤੇ ਸਟਾਫ਼ ਮੌਕੇ ‘ਤੇ ਪਹੁੰਚ ਗਏ ਅਤੇ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਐੱਸਆਈ ਜੀਵਨ ਸਿੰਘ ਨੇ ਦੱਸਿਆ ਕਿ ਬੀਐੱਨਐੱਸ ਦੀ ਧਾਰਾ 194 ਤਹਿਤ ਮਾਮਲੇ ਵਿਚ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਅੰਤਿਮ ਸੰਸਕਾਰ ਲਈ ਪਰਿਵਾਰ ਨੂੰ ਸੌਪ ਦਿੱਤਾ ਜਾਵੇਗਾ। ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।



