
ਬੁਢਲਾਡਾ, 18 ਜੂਨ : ਨੇੜਲੇ ਪਿੰਡ ਬੀਰੋਕੇ ਕਲਾਂ ਦੇ ਲੋਕਾਂ ਵੱਲੋਂ ਪਿਛਲੇ ਇਕ ਮਹੀਨੇ ਤੋਂ ਲਾਪਤਾ ਲੜਕੀ ਦੇ ਮਾਮਲੇ ’ਚ ਸਦਰ ਥਾਣੇ ਅੱਗੇ ਧਰਨਾ ਦੇ ਕੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਸਾਬਕਾ ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ, ਬਲਵੀਰ ਸਿੰਘ ਬੀਰਾ, ਗੁਰਮੀਤ ਸਿੰਘ ਗੀਤੂ ਨੇ ਦੱਸਿਆ ਕਿ ਪਿੰਡ ਦੇ ਗਰੀਬ ਪਰਿਵਾਰ ਦੀ ਲੜਕੀ ਜੋਕਿ ਮੋਹਾਲੀ ਵਿਖੇ ਪ੍ਰਾਈਵੇਟ ਨੌਕਰੀ ਕਰ ਰਹੀ ਸੀ ਅਤੇ ਹੁਣ ਲਗਭਗ ਪਿਛਲੇ ਸਵਾ ਮਹੀਨਾ ਪਹਿਲਾਂ ਤੋਂ ਲਾਪਤਾ ਹੋ ਗਈ ਸੀ। ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਥਾਣੇ ਦੇ ਵਾਰ ਵਾਰ ਚੱਕਰ ਲਗਾਉਣ ਦੇ ਬਾਵਜੂਦ ਪੁਲਿਸ ਵੱਲੋਂ ਬਲਵਿੰਦਰ ਸਿੰਘ ਫਤਿਹਗੜ੍ਹ ਦੇ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਗਿਆ, ਪ੍ਰੰਤੂ ਗ੍ਰਿਫਤਾਰੀ ਲਈ ਹੁਣ ਵੀ ਢਿੱਲ ਮੱਠ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਲੜਕੀ ਨੂੰ ਬਰਾਮਦ ਕੀਤਾ ਜਾਵੇ ਤਾਂ ਜੋ ਪਰਿਵਾਰਿਕ ਮੈਂਬਰਾਂ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਜਗਦੇਵ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਤਕਨੀਕੀ ਢੰਗ ਨਾਲ ਜਾਂਚ ਕਰਕੇ ਬਲਵਿੰਦਰ ਸਿੰਘ ਵਾਸੀ ਫਤਿਹਗੜ੍ਹ ਸੰਗਰੂਰ ਖਿਲਾਫ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਟੀਮ ਬਣਾ ਕੇ ਵੱਖ ਵੱਖ ਥਾਵਾਂ ਤੇ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।



