Punjab

ਲਾਇਸੈਂਸੀ ਰਿਵਾਲਵਰ ਨਾਲ ਦੋਸਤ ਨੂੰ ਗੋਲੀ ਮਾਰਨ ਵਾਲਾ ਏਐੱਸਆਈ 3 ਦਿਨ ਦੇ ਪੁਲਿਸ ਰਿਮਾਂਡ ‘ਤੇ

ਪੁਲਿਸ ਕਰ ਰਹੀ ਪੁੱਛਗਿੱਛ

ਲੁਧਿਆਣਾ, 30 ਮਈਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਦੋਸਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ ’ਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਚੌਕੀ ਕੈਲਾਸ਼ ’ਚ ਤਾਇਨਾਤ ਏਐੱਸਆਈ ਬੂਆ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮਰਨ ਵਾਲਾ ਨੌਜਵਾਨ ਪਿਛਲੇ 44 ਦਿਨਾਂ ਤੋਂ ਲਾਪਤਾ ਸੀ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਏਐੱਸਆਈ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਦੀ ਪੁੱਛਗਿਛ ਲਈ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਕਾਬਲੇਗੌਰ ਹੈ ਕਿ ਮੁਲਜ਼ਮ ਦੇ 2 ਸਾਥੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਏਐੱਸਆਈ ਦੇ ਦੋਸਤ ਗੁਰਜਿੰਦਰ ਸਿੰਘ ਉਰਫ ਗੋਰਾ ਦੀ ਮੌਤ ਦਾ ਉਸ ਵੇਲੇ ਪਤਾ ਲੱਗਾ ਜਦੋਂ ਮੋਰਿੰਡਾ ਪੁਲਿਸ ਨੇ ਮ੍ਰਿਤਕ ਦੀ ਤਸਵੀਰ ਦੀ ਸ਼ਨਾਖਤ ਕੀਤੀ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਗੁਰਜਿੰਦਰ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢ ਕੇ ਅਣਪਛਾਤੀ ਲਾਸ਼ ਸਮਝ ਕੇ ਸਸਕਾਰ ਕਰ ਦਿੱਤਾ ਸੀ। ਉਸ ਵੇਲੇ ਪੁਲਿਸ ਨੂੰ ਲਾਸ਼ ਕੋਲੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਸੀ ਮਿਲਿਆ, ਜਿਸ ਦੇ ਜ਼ਰੀਏ ਮ੍ਰਿਤਕ ਦੀ ਸ਼ਨਾਖਤ ਹੋ ਸਕੇ। ਗੁਰਜਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਹੁੰਦੇ ਹੀ ਪਰਿਵਾਰਕ ਮੈਂਬਰਾਂ ਨੇ ਕਤਲ ਦੇ ਕੇਸ ’ਚ ਏਐੱਸਆਈ ਬੂਆ ਸਿੰਘ ਤੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਮੋਤੀ ਨਗਰ ਦੇ ਬਾਹਰ ਧਰਨਾ ਦਿੱਤਾ। ਥਾਣਾ ਮੋਤੀ ਨਗਰ ਦੇ ਐੱਸਐੱਚਓ ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੀਰਵਾਰ ਨੂੰ ਏਐੱਸਆਈ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਪੁਲਿਸ ਨੇ 2 ਹੋਰਾਂ ਨੂੰ ਵੀ ਨਾਮਜਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 2 ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਮੁਤਾਬਕ ਏਐੱਸਆਈ ਨੇ ਦੋ ਹੋਰਾਂ ਨਾਲ ਮਿਲ ਕੇ ਗੁਰਜਿੰਦਰ ਸਿੰਘ ਨੂੰ ਸ਼ਰਾਬ ਪੀਣ ਦੇ ਬਹਾਨੇ ਘਰੋਂ ਬੁਲਾਇਆ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਗੁਰਜਿੰਦਰ ਸਿੰਘ ਉਸ ਤੋਂ ਬਾਅਦ ਕਦੇ ਵੀ ਘਰ ਨਹੀਂ ਪਰਤਿਆ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੇ 21 ਅਪ੍ਰੈਲ ਨੂੰ ਗੁਰਜਿੰਦਰ ਸਿੰਘ ਨੂੰ ਅਣਪਛਾਤੇ ਟਿਕਾਣੇ ’ਤੇ ਛੁਪਾਉਣ ਦੇ ਦੋਸ਼ਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਸੀ।

ਇੰਝ ਆਇਆ ਮਾਮਲਾ ਸਾਹਮਣੇ

ਐੱਸਐੱਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਗੁਰਜਿੰਦਰ ਸਿੰਘ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਮਿਲੀ ਪੁਲਿਸ ਨੇ ਆਸ-ਪਾਸ ਦੇ ਜ਼ਿਲ੍ਹਿਆਂ ’ਚ ਉਸ ਦੀਆਂ ਤਸਵੀਰਾਂ ਭੇਜ ਦਿੱਤੀਆਂ। ਇਸੇ ਦੌਰਾਨ ਮੁਰਿੰਡਾ ਪੁਲਿਸ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੀ ਲਾਸ਼ ਨਹਿਰ ’ਚੋਂ ਬਾਹਰ ਕੱਢੀ ਗਈ ਸੀ। ਕਈ ਦਿਨਾਂ ਤੱਕ ਕੋਈ ਵੀ ਵਿਅਕਤੀ ਲਾਸ਼ ਲੈਣ ਨਹੀਂ ਸੀ ਆਇਆ। ਪੁਲਿਸ ਨੇ ਕੁਝ ਦਿਨਾਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਦਾ ਸਸਕਾਰ ਕਰ ਦਿੱਤਾ।

ਬੂਆ ਸਿੰਘ ਕੋਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ

ਰਿਸ਼ਤੇਦਾਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਏਐੱਸਆਈ ਬੂਆ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ’ਚ ਪੁਲਿਸ ਦੋ ਹੋਰ ਦੋਸ਼ੀਆਂ ਦੀ ਤਲਾਸ਼ ਲਈ ਛਾਪਾਮਾਰੀ ਕਰ ਰਹੀ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆ ਰਿਹਾ ਹੈ ਕਿ ਗੁਰਜਿੰਦਰ ਸਿੰਘ ਦੀ ਹੱਤਿਆ ਬੂਆ ਸਿੰਘ ਦੀ ਲਾਇਸੈਂਸੀ ਰਿਵਾਲਵਰ ਤੋਂ ਚਲਾਈ ਗਈ ਗੋਲੀ ਨਾਲ ਹੋਈ ਸੀ। ਵਾਰਦਾਤ ’ਚ ਵਰਤੀ ਗਈ ਰਿਵਾਲਵਰ ਏਐੱਸਆਈ ਦੀ ਹੀ ਸੀ। ਥਾਣਾ ਮੋਤੀ ਨਗਰ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਏਐੱਸਆਈ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button