Punjab

ਲਤੀਫਪੁਰਾ ਰੋਡ ਤੋਂ ਕਬਜ਼ੇ ਨਾ ਹਟਾਉਣ ’ਤੇ ਡੀਸੀ ਨੂੰ ਕਾਨੂੰਨੀ ਨੋਟਿਸ

ਜਲੰਧਰ, 16 ਅਕਤੂਬਰ : ਲਤੀਫਪੁਰਾ-ਗੁਰੂ ਤੇਗ ਬਹਾਦੁਰ ਨਗਰ ਦੀ 120 ਫੁੱਟ ਸੜਕ ’ਤੇ ਹੋਏ ਕਬਜ਼ਿਆਂ ਨੂੰ ਨਾ ਹਟਾਉਣ ’ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਲਤੀਫਪੁਰਾ ਨਾਲ ਲੱਗਦੀ 120 ਫੁੱਟ ਸੜਕ ਤੋਂ ਕਬਜ਼ੇ ਹਟਾਉਣ ਲਈ 29 ਜੁਲਾਈ ਨੂੰ ਹੁਕਮ ਦਿੱਤੇ ਸਨ। ਡਿਪਟੀ ਕਮਿਸ਼ਨਰ ਨੂੰ ਕਬਜ਼ੇ ਹਟਾਉਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਹੁਣ ਤਕਰੀਬਨ ਸਾਢੇ ਤਿੰਨ ਮਹੀਨੇ ਹੋ ਗਏ ਹਨ ਪਰ ਕਬਜ਼ੇ ਹਟਾਏ ਨਹੀਂ ਗਏ। ਇਸ ਕਰਕੇ ਪਟੀਸ਼ਨਰ ਦੇ ਵਕੀਲ ਨੇ ਡਿਪਟੀ ਕਮਿਸ਼ਨਰ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ’ਚ ਕਿਹਾ ਗਿਆ ਹੈ ਕਿ ਜੇ 15 ਦਿਨਾਂ ’ਚ ਕਬਜ਼ੇ ਨਹੀਂ ਹਟਾਏ ਜਾਂਦੇ ਤਾਂ ਡਿਪਟੀ ਕਮਿਸ਼ਨਰ ਖ਼ਿਲਾਫ਼ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਅਦਾਲਤ ਦੀ ਤੌਹੀਨ ਦਾ ਕੇਸ ਦਰਜ ਕੀਤਾ ਜਾਵੇਗਾ। ਐਡਵੋਕੇਟ ਰਣਜੀਤ ਸਿੰਘ ਬਜਾਜ ਨੇ ਆਪਣੇ ਕਲਾਇੰਟ ਸੋਹਣ ਸਿੰਘ ਤੇ ਰਬਿੰਦਰ ਸਿੰਘ ਦੀ ਤਰਫੋਂ ਡਿਪਟੀ ਕਮਿਸ਼ਨਰ ਨੂੰ ਇਹ ਨੋਟਿਸ ਭੇਜਿਆ ਹੈ। ਇਨ੍ਹਾਂ ਕਲਾਇੰਟਾਂ ਦੇ ਹੀ ਕੇਸ ’ਤੇ ਲਤੀਫਪੁਰਾ ਤੋਂ ਕਬਜ਼ੇ ਹਟਾਏ ਗਏ ਸਨ ਤੇ ਇਸ ਤੋਂ ਬਾਅਦ ਲਤੀਫਪੁਰਾ ਦੇ ਲੋਕ 120 ਫੁੱਟ ਸੜਕ ’ਤੇ ਪੱਕੇ ਤੌਰ ’ਤੇ ਧਰਨਾ ਦੇ ਕੇ ਬੈਠ ਗਏ ਸਨ ਤੇ ਤਦੋਂ ਤੋਂ ਸੜਕ ’ਤੇ ਹੀ ਰਹਿ ਰਹੇ ਹਨ। ਸੋਹਣ ਸਿੰਘ ਤੇ ਰਬਿੰਦਰ ਸਿੰਘ ਦੇ ਕੇਸ ਦੇ ਫ਼ੈਸਲੇ ਦੇ ਆਧਾਰ ’ਤੇ ਹੀ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਨੇ ਰਸਤਾ ਖਾਲੀ ਕਰਵਾਉਣ ਲਈ ਕੇਸ ਕੀਤਾ ਸੀ। ਇਸ ’ਤੇ 29 ਜੁਲਾਈ 2025 ਨੂੰ ਹਾਈਕੋਰਟ ਨੇ ਹੁਕਮ ਦਿੱਤਾ ਸੀ ਕਿ ਇਕ ਮਹੀਨੇ ’ਚ ਇਹ ਰਸਤਾ ਖਾਲੀ ਕਰਵਾਇਆ ਜਾਵੇ। ਕਾਨੂੰਨੀ ਨੋਟਿਸ ’ਚ ਕਿਹਾ ਗਿਆ ਹੈ ਕਿ 110 ਏਕੜ ਗੁਰੂ ਤੇਗ ਬਹਾਦੁਰ ਨਗਰ ਸਕੀਮ ਤੇ ਲਤੀਫਪੁਰਾ ਦੇ ਵਿਚਕਾਰ 120 ਫੁੱਟ ਸੜਕ ’ਤੇ ਲੋਕ ਕਾਬਿਜ਼ ਹਨ ਤੇ ਉਨ੍ਹਾਂ ਨੂੰ ਹਟਾਉਣ ਲਈ 29 ਜੁਲਾਈ 2025 ਨੂੰ ਹੁਕਮ ਜਾਰੀ ਕੀਤਾ ਗਿਆ ਸੀ। ਐਡਵੋਕੇਟ ਰਣਜੀਤ ਸਿੰਘ ਬਜਾਜ਼ ਨੇ ਨੋਟਿਸ ’ਚ ਕਿਹਾ ਹੈ ਕਿ ਹਾਈ ਕੋਰਟ ਤੋਂ ਆਰਡਰ ਪਾਸ ਹੋਣ ਤੋਂ ਬਾਅਦ ਉਨ੍ਹਾਂ ਦੇ ਕਲਾਇੰਟ ਕਈ ਵਾਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਗਏ ਹਨ ਤੇ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹਾਈ ਕੋਰਟ ਨੇ ਕਬਜ਼ਾ ਹਟਾਉਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਸੀ ਜੋ ਹੁਣ ਕਾਫ਼ੀ ਸਮਾਂ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੇ ਕਲਾਇੰਟਾਂ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਸਿਰਫ਼ ਭਰੋਸੇ ਮਿਲ ਰਹੇ ਹਨ ਪਰ ਅਸਲ ਕਾਰਵਾਈ ਨਹੀਂ ਹੋ ਰਹੀ। — ਲਤੀਫਪੁਰਾ ਦੀ ਇਸ 120 ਫੁੱਟ ਸੜਕ ਰਾਹੀਂ ਕਈ ਕਾਲੋਨੀਆਂ ਦੇ ਨਿਵਾਸੀ ਆਉਣ–ਜਾਣ ਕਰਦੇ ਹਨ। ਪਿਛਲੇ ਕਰੀਬ 34 ਮਹੀਨੇ ਤੋਂ ਇਹ ਰਸਤਾ ਬੰਦ ਪਿਆ ਹੈ। ਲਤੀਫਪੁਰਾ ਮੁੜ ਵਸੇਵਾਂ ਮੋਰਚੇ ਦੇ ਬੈਨਰ ਹੇਠ ਲੋਕਾਂ ਨੇ ਇਸ ਸੜਕ ਨੂੰ ਬੰਦ ਕਰ ਰੱਖਿਆ ਹੈ ਤੇ ਟੈਂਟ ਲਗਾ ਕੇ ਇਥੇ ਹੀ ਰਹਿ ਰਹੇ ਹਨ। ਕਰੀਬ 34 ਮਹੀਨੇ ਤੋਂ ਬੰਦ ਪਈ ਇਸ ਸੜਕ ਕਾਰਨ ਕਈ ਇਲਾਕੇ ਪ੍ਰਭਾਵਿਤ ਹਨ। ਇਸ ਦੇ ਆਲੇ ਦੁਆਲੇ ਕਈ ਵੱਡੇ ਸਕੂਲ, ਹਸਪਤਾਲ, ਗੁਰਦੁਆਰੇ, ਮੰਦਰ ਤੇ ਸ਼ੋਅਰੂਮ ਹਨ ਤੇ ਆਵਾਜਾਈ ਕਾਫ਼ੀ ਵੱਧ ਰਹਿੰਦੀ ਹੈ। ਰਸਤਾ ਬੰਦ ਹੋਣ ਕਰਕੇ ਟ੍ਰੈਫਿਕ ਵਿਗੜੀ ਰਹਿੰਦੀ ਹੈ ਤੇ ਇਲਾਕੇ ਦੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button