ਰੀਵਾਈਜ਼ਡ ਪੇ-ਸਕੇਲਾਂ ਦਾ ਬਕਾਇਆ ਜਾਰੀ ਨਾ ਕਰਨ ’ਤੇ ਸਟਾਫ਼ ਵੈਲਫੇਅਰ ਐਸੋਸੀਏਸ਼ਨ ਨੇ ਜਤਾਇਆ ਰੋਸ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਪ੍ਰਬੰਧਕੀ ਬਲਾਕ ਅੱਗੇ ਕੀਤੀ ਨਾਅਰੇਬਾਜ਼ੀ

ਫ਼ਿਰੋਜ਼ਪੁਰ, 28 ਨਵੰਬਰ (ਜਸਵਿੰਦਰ ਸਿੰਘ ਸੰਧੁੂ)– ਪੰਜਾਬ ਸਰਕਾਰ ਅਧੀਨ ਚੱਲ ਰਹੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਗ਼ੈਰ ਅਧਿਆਪਕ ਅਤੇ ਅਧਿਆਪਕ (ਡਿਪਲੋਮਾ ਵਿੰਗ) ਵੱਲੋਂ ਰੀਵਾਈਜ਼ਡ ਪੇ-ਸਕੇਲਾਂ ਦਾ ਬਕਾਇਆ ਜਾਰੀ ਨਾ ਕਰਨ ਕਰਕੇ ਅੱਜ ਸੰਸਥਾ ਦੇ ਪ੍ਰਬੰਧਕੀ ਬਲਾਕ ਅੱਗੇ ਜ਼ਿਲ੍ਹਾ ਪੱਧਰ ਦੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਰੁੱਧ ਵੱਡੇ ਪੱਧਰ ’ਤੇ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਸਥਾ ਦੇ ਰਜਿਸਟਰਾਰ, ਵਿੱਤ ਅਫ਼ਸਰ ਅਤੇ ਡਿਪਟੀ ਰਜਿਸਟਰਾਰ (ਲੇਖਾ) ਨੂੰ ਚੇਤਾਵਨੀ ਦਿੰਦੇ ਹੋਏ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਸੰਸਥਾ ਦੇ ਨਾਨ-ਟੀਚਿੰਗ/ਟੈਕਨੀਕਲ ਸਟਾਫ਼ ਦੀਆਂ ਤਨਖ਼ਾਹਾਂ ਦੇ ਬਕਾਏ ਏਰੀਅਰ ਨੂੰ ਤੁਰੰਤ ਜਾਰੀ ਨਾ ਕੀਤਾ ਗਿਆ ਤਾਂ ਜ਼ਿਲ੍ਹਾ ਪੱਧਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇਕ ਸਾਂਝਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਵਿਚ ਪੰਜਾਬ ਪੱਧਰ ਦੀਆਂ ਵੱਡੀਆਂ ਜਥੇਬੰਦੀਆਂ ਨੂੰ ਵੀ ਸੱਦਿਆ ਜਾਵੇਗਾ, ਜਿਸਦੀ ਨਿਰੋਲ ਜ਼ਿੰਮੇਵਾਰੀ ਸੰਸਥਾ ਦੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸੰਘਰਸ਼ ਵਿਚ ਪਹੁੰਚੇ ਮੁੱਖ ਬੁਲਾਰੇ ਜਸਪਾਲ ਸਿੰਘ, ਰਿਟਾਇਰਡ ਡੀ.ਐੱਸ.ਪੀ. ਪ੍ਰਤਾਪ ਸਿੰਘ, ਸੇਵਾ ਮੁਕਤ ਐੱਸ.ਡੀ.ਓ., ਮਹਿੰਦਰ ਸਿੰਘ ਧਾਲੀਵਾਲ, ਮੈਂਬਰ ਸਾਂਝਾ ਫਰੰਟ, ਰਾਜੀਵ ਹਾਂਡਾ, ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ, ਸੁਭਾਸ਼ ਸ਼ਰਮਾ, ਪ੍ਰਧਾਨ ਆਲ ਇੰਪਲਾਈਜ਼ ਕਮੇਟੀ ਫ਼ਿਰੋਜ਼ਪੁਰ ਅਤੇ ਗੁਰਮੀਤ ਸਿੰਘ ਘੋੜੇ ਚੱਕ, ਪ੍ਰਧਾਨ ਕਿਸਾਨ ਯੂਨੀਅਨ ਨੇ ਯੂਨੀਵਰਸਿਟੀ ਜਥੇਬੰਦੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਤੁਰੰਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਪੱਧਰ ਦੀਆਂ ਸਾਰੀਆਂ ਜਥੇਬੰਦੀਆਂ ਇਸ ਸੰਘਰਸ਼ ਵਿਚ ਸ਼ਮੂਲੀਅਤ ਕਰਨਗੀਆਂ। ਸੰਸਥਾ ਦੀ ਜਥੇਬੰਦੀ ਦੇ ਆਗੂ ਜਗਮੀਤ ਸਿੰਘ ਪ੍ਰਧਾਨ, ਮਦਨ ਉਨਿਆਲ, ਸਕੱਤਰ, ਗੁਰਪ੍ਰੀਤ ਸਿੰਘ ਸਲਾਹਕਾਰ, ਗੁਰਵਿੰਦਰ ਸਿੰਘ, ਬਲਕਰਨ ਸਿੰਘ, ਨੰਦ ਲਾਲ ਵੱਲੋਂ ਜ਼ਿਲ੍ਹਾ ਪੱਧਰ ਦੀਆਂ ਪਹੁੰਚੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ ਮਿਤੀ 18 ਨਵੰਬਰ 2025 ਨੂੰ ਇਕ ਜਨਰਲ ਮੀਟਿੰਗ ਕਰਦੇ ਹੋਏ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਗਲੇ ਪ੍ਰੋਗਰਾਮ ਦੀ ਰਣਨੀਤੀ ਤਹਿ ਕੀਤੀ ਜਾਵੇਗੀ।

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਪ੍ਰਬੰਧਕੀ ਬਲਾਕ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਸਟਾਫ਼ ਵੈਲਫੇਅਰ ਐਸੋਸੀਏਸ਼ਨ ਦੇ ਆਗੂ। ਤਸਵੀਰ: ਜਸਵਿੰਦਰ ਸਿੰਘ ਸੰਧੂ



